ਜਲੰਧਰ, 20 ਫਰਵਰੀ (ਪੰਜਾਬ ਮੇਲ)- ਜਲੰਧਰ ਵਿਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਪਹਿਲਾਂ ਹੀ ਸਿਆਸਤ ਗਰਮਾ ਗਈ ਹੈ। ਅੱਜ ਜਲੰਧਰ ਵਿਚ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਵੱਡੇ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਵਿਚ ਸੇਠ ਸਤਪਾਲ ਮਲ, ਅਨਿਲ ਮੀਨੀਆ, ਮਾਡਲ ਟਾਊਨ ਮੋਬਾਇਲ ਮਾਰਕਿਟ ਦੇ ਪ੍ਰਧਾਨ ਰਾਜੀਵ ਦੁੱਗਲ, ਸ਼ਿਵ ਦਿਆਲ ਮਾਲੀ, ਕਾਂਗਰਸੀ ਆਗੂ ਮੇਜਰ ਸਿੰਘ, ਮਨੋਜ ਅਗਰਵਾਲ ਸਮੇਤ ਹੋਰ ਆਗੂ ਸਨ। ਇਨ੍ਹਾਂ ਆਗੂਆਂ ਨੂੰ ਕੇਂਦਰੀ ਸੂਬਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਭਾਜਪਾ ਵਿਚ ਸ਼ਾਮਲ ਕਰਵਾਇਆ। ਦੱਸ ਦੇਈਏ ਕਿ ਸੇਠ ਸਤਪਾਲ ਮਲ ਅਕਾਲੀ ਦਲ ਦੀ ਸੀਟ ਤੋਂ ਕਰਤਾਰਪੁਰ ਤੋਂ ਚੋਣ ਲੜ ਚੁੱਕੇ ਹਨ ਜਦਕਿ ਸ਼ਿਵ ਦਿਆਲ ਮਾਲੀ ‘ਆਪ’ ਵੱਲੋਂ ਚੋਣ ਲੜ ਚੁੱਕੇ ਹਨ। ਮੇਜਰ ਸਿੰਘ ਕਾਂਗਰਸ ਦੀ ਸਰਕਾਰ ਵੇਲੇ ਕੌਂਸਲਰ ਰਹੇ ਜਦਕਿ ਅਨਿਲ ਮੀਨੀਆ ਨੇ ਬਸਪਾ ਦੀ ਟਿਕਟ ਤੋਂ ਜਲੰਧਰ ਵੈਸਟ ਤੋਂ ਚੋਣ ਲੜੀ ਸੀ। ਇਥੇ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੇ ਯਾਤਰਾ’ ਦੌਰਾਨ ਫਿਲੌਰ ਵਿਚ ਜਲੰਧਰ ਤੋਂ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ਦਾ ਦਿਲਾ ਦਾ ਦੌਰਾ ਪੈਣ ਕਰਕੇ 14 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਮਗਰੋਂ ਲੋਕ ਸਭਾ ਸੀਟ ਅਜੇ ਖਾਲੀ ਹਨ ਅਤੇ ਇਥੇ ਮੁੜ ਤੋਂ ਜ਼ਿਮਨੀ ਚੋਣ ਕਰਵਾਈ ਜਾਣੀ ਹੈ, ਜਿਸ ਦਾ ਐਲਾਨ ਕਿਸੇ ਵੇਲੇ ਵੀ ਚੋਣ ਕਮਿਸ਼ਨ ਵੱਲੋਂ ਕੀਤਾ ਜਾ ਸਕਦਾ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਵਿਚ ਸਿਆਸਤ ਭੱਖਣੀ ਸ਼ੁਰੂ ਹੋ ਗਈ ਹੈ ਅਤੇ ਹਰ ਪਾਰਟੀ ਨੇ ਆਪਣੇ-ਆਪਣੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।