ਸੈਕਰਾਮੈਂਟੋ , ਕੈਲੀਫੋਰਨੀਆ, 17 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਸ਼ਹਿਰ ਹੈਂਪਟਨ, ਜਾਰਜੀਆ ਵਿਚ ਹੋਈ ਗੋਲੀਬਾਰੀ ਵਿੱਚ 4 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਲਾਅ ਇਨਫੋਰਸਮੈਂਟ ਅਧਿਕਾਰੀ ਇਕ ਸ਼ੱਕੀ ਦੋਸ਼ੀ ਦੀ ਭਾਲ ਵੱਡੀ ਪੱਧਰ ਉਪਰ ਕਰ ਰਹੇ ਹਨ। ਹੈਨਰੀ ਕਾਊਂਟੀ ਸ਼ੈਰਿਫ ਦਫਤਰ ਨੇ ਸ਼ੱਕੀ ਦੋਸ਼ੀ ਦੀ ਪਛਾਣ 40 ਸਾਲਾ ਆਂਦਰੇ ਲੌਂਗਮੋਰ ਵਜੋਂ ਕੀਤੀ ਹੈ ਜਿਸ ਦੀ ਪੁਲਿਸ ਨੇ ਤਸਵੀਰ ਵੀ ਜਾਰੀ ਕੀਤੀ ਹੈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਸ਼ੱਕੀ ਦੋਸ਼ੀ 2017 ਬਲੈਕ ਜੀ ਐਮ ਸੀ ਅਕੈਡੀਆ ਜੋ ਉਸ ਦੀ ਆਪਣੀ ਗੱਡੀ ਨਹੀਂ ਹੈ, ਵਿਚ ਸਵਾਰ ਹੈ। ਹੈਂਪਟਨ ਪੁਲਿਸ ਮੁੱਖੀ ਜੇਮਜ ਟਰਨਰ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਹੈਂਪਟਨ ਵਿਚ ਡੌਗਵੁੱਡ ਲੇਕਸ ਸਬ ਡਿਵੀਜਨ ਦੇ ਨੇੜੇ ਹੋਈ ਹੈ। ਟਰਨਰ ਨੇ ਕਿਹਾ ਕਿ ਮ੍ਰਿਤਕਾਂ ਵਿਚ 3 ਮਰਦ ਤੇ ਇਕ ਔਰਤ ਸ਼ਾਮਿਲ ਹੈ ਤੇ ਇਹ ਸਾਰੇ ਬਾਲਗ ਹਨ। ਪੁਲਿਸ ਨੇ ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ ਤੇ ਕਿਹਾ ਹੈ ਕਿ ਪੀੜਤ ਪਰਿਵਾਰਾਂ ਨੂੰ ਸੂਚਿਤ ਕਰਨ ਉਪਰੰਤ ਹੀ ਨਾਂ ਜਨਤਿਕ ਕੀਤੇ ਜਾਣਗੇ। ਹੈਨਰੀ ਕਾਊਂਟੀ ਸ਼ੈਰਿਫ ਰੀਗਿਨਲਡ ਸਕੈਂਡਰੈਟ ਨੇ ਕਿਹਾ ਹੈ ਕਿ ਆਂਦਰੇ ਲੌਂਗਮੋਰ ਦੇ ਹੱਤਿਆਵਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਸ਼ੈਰਿਫ ਦਫਤਰ ਨੇ ਉਸ ਦੀ ਗ੍ਰਿਫਤਾਰੀ ਸਬੰਧੀ ਕੋਈ ਵੀ ਸੁਰਾਗ ਜਾਂ ਸੂਚਨਾ ਦੇਣ ਵਾਲੇ ਨੂੰ 10000 ਡਾਲਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਸ਼ੱਕੀ ਦੋਸ਼ੀ ਹਥਿਆਰਬੰਦ ਤੇ ਖਤਰਨਾਕ ਹੋ ਸਕਦਾ ਹੈ।