ਪਟਿਆਲਾ ਜ਼ਿਲ੍ਹੇ ਦੇ ਸਮਾਣਾ ਅਤੇ ਸ਼ੁਤਰਾਣਾ ਦੇ 35 ਤੋਂ ਵੱਧ ਪਿੰਡਾਂ ਵਿਚ ਪਾਣੀ ਭਰਨ ਦਾ ਖਦਸ਼ਾ;
ਰਾਜਸੀ ਆਗੂ ਸਿਰਫ ਸੋਸ਼ਲ ਮੀਡੀਆ ‘ਤੇ ਫੋਟੋਆਂ ਖਿਚਵਾਉਣ ਲਈ ਕਰ ਰਹੇ ਹਨ ਦੌਰੇ;
ਸਥਿਤੀ ਵਿਗੜਨ ਨਾਲ ਲੋਕਾਂ ਦਾ ਗੁੱਸਾ ਵਧਿਆ
ਪਟਿਆਲਾ, 15 ਜੁਲਾਈ (ਪੰਜਾਬ ਮੇਲ)- ਮੀਂਹ ਨੇ ਪਹਿਲਾਂ ਹਿਮਾਚਲ ਪ੍ਰਦੇਸ਼ ਤੇ ਹੁਣ ਪੰਜਾਬ ਵਿਚ ਭਾਰੀ ਤਬਾਹੀ ਮਚਾਈ ਹੈ। ਹੜ੍ਹ ਦੀ ਮਾਰ ਹੇਠ ਆਏ ਪੰਜਾਬ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਡਰਾਉਣਾ ਮੰਜ਼ਰ ਪੇਸ਼ ਕੀਤਾ ਹੈ। ਮੌਨਸੂਨ ਦੇ ਕਹਿਰ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਪੰਜਾਬ ਦੇ ਬਹੁਤੇ ਕਸਬੇ ਪਾਣੀ ਵਿਚ ਡੁੱਬ ਗਏ ਹਨ। ਇਸ ਨਾਲ ਸੂਬੇ ਵਿਚ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਪਾੜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਘੱਗਰ ਦੇ ਬੰਨ੍ਹਾਂ ‘ਤੇ ਪਏ ਹਨ। ਸਿੰਚਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਹੁਨਰਮੰਦ ਮੈਨਪਾਵਰ ਦੀ ਘਾਟ ਨੇ ਕਾਰਜਾਂ ਨੂੰ ਔਖਾ ਬਣਾ ਦਿੱਤਾ ਹੈ, ਜਦੋਂ ਕਿ ਪਾੜਾਂ ਦੀ ਮੁਰੰਮਤ ਦਾ ਕੰਮ ਜ਼ਿਆਦਾਤਰ ਦਿਨ ਵੇਲੇ ਕੀਤਾ ਜਾਂਦਾ ਹੈ। ਸੂਬੇ ਭਰ ਦੇ ਬਹੁਤੇ ਇਹ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਮਦਦ ਲਈ ਗੰਭੀਰ ਹੋਣਾ ਚਾਹੀਦਾ ਹੈ ਕਿਉਂਕਿ ਸੱਤਾਧਾਰੀ ਆਗੂ ਸਿਰਫ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫੋਟੋ ਸ਼ੂਟ ਕਰਵਾਉਣ ਵਿਚ ਰੁੱਝੇ ਹੋਏ ਸਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਇਸ਼ਾਰਾ ਕੀਤਾ, ਜਿਨ੍ਹਾਂ ਬੀਤੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਸੀ। ਪਟਿਆਲਾ ਤੋਂ ਰਵਜੀਤ ਬਰਾੜ ਨੇ ਕਿਹਾ, ‘ਸਰਕਾਰ ਕਿੱਥੇ ਹੈ, ਉਹ ਸਿਰਫ ਸੋਸ਼ਲ ਮੀਡੀਆ ਲਈ ਫੋਟੋਆਂ ਕਲਿੱਕ ਕਰਨ ਲਈ ਆ ਰਹੀ ਹੈ। ਅਸੀਂ ਇਸ ਤੋਂ ਕਦੇ ਉਭਰ ਨਹੀਂ ਸਕਾਂਗੇ।’ ਸਮਾਣਾ ਤੇ ਸ਼ੁਤਰਾਣਾ ਦੇ 35 ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ।