ਕਪੂਰਥਲਾ, 15 ਜੁਲਾਈ (ਪੰਜਾਬ ਮੇਲ)- ਇੱਥੋਂ ਦੀ ਮਾਡਰਨ ਜੇਲ੍ਹ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਗੈਂਗਵਾਰ ਵਿਚ ਇਕ ਹਵਾਲਾਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਥਾਣਾ ਕੋਤਵਾਲੀ ਦੀ ਪੁਲਿਸ ਨੇ ਇਸ ਸਬੰਧੀ ਸੱਤ ਕੈਦੀਆਂ ਅਤੇ 16 ਹਵਾਲਾਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਬੈਰਕਾਂ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਹੇਮੰਤ ਸ਼ਰਮਾ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਡਿਊਟੀ ‘ਤੇ ਤਾਇਨਾਤ ਵਾਰਡਨ ਪੂਰਨ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਬੈਰੇਕ ਨੰਬਰ 6, 7 ਅਤੇ 8 ਵਿਚ ਬੰਦ ਹਵਾਲਾਤੀ ਰਾਜ ਕੁਮਾਰ, ਵਿਜੈ, ਸਾਜਨ, ਕਮਲਪ੍ਰੀਤ ਸਿੰਘ, ਰਾਹੁਲ ਕੁਮਾਰ, ਸੁਰਿੰਦਰ ਸਿੰਘ, ਵਿਕਾਸ ਕਲਿਆਣ, ਗੁਰਜੀਤ ਸਿੰਘ, ਮਨੀਸ਼ ਪ੍ਰਕਾਸ਼, ਗੁਰਜੀਤ ਸਿੰਘ, ਤਰਸੇਮ ਸਿੰਘ, ਸੁਖਵੀਰ ਸਿੰਘ, ਸੂਰਜ ਸਿੰਘ, ਅਮਨ, ਸੰਦੀਪ, ਦਵਿੰਦਰਪਾਲ ਸਿੰਘ ਅਤੇ ਕੈਦੀ ਅਨੂ ਕੁਮਾਰ, ਅਰੁਣ ਕੁਮਾਰ, ਰਣਜੀਤ ਸਿੰਘ, ਕਮਲਜੀਤ ਸਿੰਘ, ਪਲਵਿੰਦਰ ਸਿੰਘ, ਤਰਸੇਮ ਸਿੰਘ, ਸੰਜੀਵ ਕੁਮਾਰ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਨੇ ਇਕੱਠੇ ਹੋ ਕੇ ਸੁਰੱਖਿਆ ਵਾਰਡ-ਈ ਦੀ ਚੱਕੀ ਨੰਬਰ-12 ‘ਚ ਬੰਦ ਹਵਾਲਾਤੀ ਸਿਮਰਨਜੀਤ ਸਿੰਘ ਉਰਫ ਸਿਮਰ, ਸੁਰਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ‘ਤੇ ਪੁਰਾਣੀ ਰੰਜਿਸ਼ ਤਹਿਤ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਿਮਰ (28) ਦੀ ਮੌਤ ਹੋ ਗਈ ਅਤੇ ਬਾਕੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ ਹੈ। ਐੱਸ.ਐੱਚ.ਓ. ਰਮਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਪੰਜ ਰਾਡਾਂ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।