ਸੈਕਰਾਮੈਂਟੋ,ਕੈਲੀਫੋਰਨੀਆ, 13 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਵਿਚ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ ਰਾਜਦੂਤ ਵਜੋਂ ਸਹੁੰ ਚੱਕੀ। ਉਨਾਂ ਨੂੰ ਅਹੁੱਦੇ ਦੀ ਸਹੁੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੁੱਕਾਈ। ਗੁਪਤਾ ਦੀ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ ਰਾਜਦੂਤ ਵਜੋਂ ਨਿਯੁਕਤੀ ਦੀ ਪੁਸ਼ਟੀ ਸੈਨਟ ਨੇ ਮਈ ਵਿਚ 51-47 ਵੋਟਾਂ ਦੇ ਫਰਕ ਨਾਲ ਕਰ ਦਿੱਤੀ ਸੀ। ਭਾਰਤ ਦੀ ਫਿਲਮ ਨਗਰੀ ਮੁੰਬਈ ਵਿਚ ਪੈਦਾ ਹੋਈ ਗੁਪਤਾ ਯੁਨਾਈਟਿਡ ਨੇਸ਼ਨ ਫਾਊਂਡੇਸ਼ਨ ਵਿਖੇ ਸੀਨੀਅਰ ਅਧਿਕਾਰੀ ਸਮੇਤ ਹੋਰ ਕਈ ਅਹਿਮ ਅਹੁੱਦਿਆਂ ਉਪਰ ਕੰਮ ਕਰ ਚੁੱਕੀ ਹੈ। ਆਪਣੀ ਨਿਯੁਕਤੀ ਦੀ ਪੁਸ਼ਟੀ ਦੀ ਪ੍ਰਕਿਆ ਦੌਰਾਨ ਗੀਤਾ ਨੇ ਕਿਹਾ ਕਿ ਵਿਸ਼ਵ ਭਰ ਵਿਚ ਔਰਤਾਂ ਨੂੰ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਅਨਿਆਂ ਸਮੇਤ ਅਨੇਕਾਂ ਹੋਰ ਮੁਸ਼ਕਿਲਾਂ ਅਰਥ ਵਿਵਸਥਾ ਵਿਚ ਉਨਾਂ ਦੀ ਮੁਕੰਮਲ ਭਾਗੀਦਾਰੀ ਵਿਚ ਰੁਕਾਵਟਾਂ ਹਨ। ਉਨਾਂ ਨੂੰ ਸੁਰੱਖਿਆ ਤੇ ਹਿੰਸਾ ਦਾ ਡਰ ਹਮਸ਼ਾਂ ਸਤਾਉਂਦਾ ਰਹਿੰਦਾ ਹੈ। ਗੁਪਤਾ ਨੇ ਕੀਨੀਆ ਤੇ ਭਾਰਤ ਸਮੇਤ ਵਿਸ਼ਵ ਭਰ ਵਿਚ ਸੀਮਿਤ ਵਿੱਤੀ ਸਾਧਨਾਂ ਦੇ ਬਾਵਜੂਦ ਅਗੇ ਵਧ ਰਹੀਆਂ ਔਰਤਾਂ ਦੀ ਸ਼ਲਾਘਾ ਕੀਤੀ।