#AMERICA

ਕਲੀਵਲੈਂਡ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 9 ਲੋਕ ਜ਼ਖਮੀ; ਸ਼ੱਕੀ ਦੋਸ਼ੀ ਫਰਾਰ

ਸੈਕਰਾਮੈਂਟੋ, 11 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਕਲੀਵਲੈਂਡ ਵਿਚ ਹੋਈ ਗੋਲੀਬਾਰੀ ਵਿਚ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਪੁਲਿਸ ਅਨੁਸਾਰ ਉਸ ਦਾ ਵਿਸ਼ਵਾਸ ਹੈ ਕਿ ਇਕ ਵਿਅਕਤੀ ਨੇ ਲੋਕਾਂ ਦੇ ਸਮੂਹ ਉਪਰ ਗੋਲੀਬਾਰੀ ਕੀਤੀ ਹੈ ਤੇ ਉਹ ਗੋਲੀਬਾਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਕਲੀਵਲੈਂਡ ਪੁਲਿਸ ਮੁੱਖੀ ਵੇਨੇ ਡਰੂਮੌਂਡ ਨੇ ਕਿਹਾ ਹੈ ਕਿ ਸ਼ਹਿਰ ਦੇ ਵੇਅਰਹਾਊਸ ਡਿਸਟ੍ਰਿਕਟ ਵਿਚ ਇਕ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਲਾਂ ਕਿ ਕੁਝ ਲੋਕ ਗੋਲੀਆਂ ਵੱਜਣ ਕਾਰਨ ਜਖਮੀ ਜਰੂਰ ਹੋਏ ਹਨ। ਪੁਲਿਸ ਮੁੱਖੀ ਅਨੁਸਾਰ ਪੁਲਿਸ ਅਫਸਰ ਪਹਿਲਾਂ ਹੀ ਖੇਤਰ ਵਿਚ ਆਮ ਵਾਂਗ ਗਸ਼ਤ ‘ਤੇ ਸਨ ਤੇ ਸੂਚਨਾ ਮਿਲਣ ‘ਤੇ ਉਹ ਤੁਰੰਤ ਘਟਨਾ ਸਥਾਨ ‘ਤੇ ਪੁੱਜੇ ਤੇ ਉਨਾਂ ਨੇ ਪੀੜਤਾਂ ਨੂੰ ਡਾਕਟਰੀ ਸਹਾਇਤਾ ਦਿੱਤੀ। ਡਰੂਮੌਂਡ ਅਨੁਸਾਰ ਜਖਮੀਆਂ ਵਿਚ 7 ਮਰਦ ਤੇ 2 ਔਰਤਾਂ ਸ਼ਾਮਿਲ ਹਨ ਜਿਨਾਂ ਦੀ ਉਮਰ 23 ਤੋਂ 38 ਸਾਲ ਦੇ ਦਰਮਿਆਨ ਹੈ। ਪੁਲਿਸ ਮੁੱਖੀ ਵੱਲੋਂ ਜਾਰੀ ਬਿਆਨ ਅਨੁਸਾਰ ਪੀੜਤਾਂ ਦੇ ਪੈਰਾਂ ਤੋਂ ਗੋਡਿਆਂ ਤੱਕ ਤੇ ਬਾਹਾਂ ਉਪਰ ਗੋਲੀਆਂ ਵੱਜੀਆਂ ਹਨ। ਸਾਰੇ ਜਖਮੀਆਂ ਦੀ ਹਾਲਤ ਸਥਿਰ ਹੈ।

Leave a comment