ਸੈਕਰਾਮੈਂਟੋ, 5 ਜੁਲਾਈ (ਪੰਜਾਬ ਮੇਲ)- ਅਮਰੀਕਾ ਦਾ 247ਵਾਂ ਆਜ਼ਾਦੀ ਦਿਵਸ ਦੇਸ਼ ਭਰ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧੀ ਵੱਖ-ਵੱਖ ਥਾਵਾਂ ‘ਤੇ ਸਰਕਾਰੀ ਸਮਾਗਮ ਵੀ ਹੋਏ, ਜਿੱਥੇ ਆਤਿਸ਼ਬਾਜ਼ੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਕੁੱਝ ਥਾਂਵਾਂ ‘ਤੇ ਪਰੇਡ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਖ-ਵੱਖ ਅਮਰੀਕੀ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਪੈਦਲ ਮਾਰਚ ਦੌਰਾਨ ਅਮਰੀਕੀ ਸੈਨਾ ਦੀਆਂ ਟੁਕੜੀਆਂ ਨੇ ਵੀ ਕਈ ਥਾਂਵਾਂ ‘ਤੇ ਆਪਣਾ ਪ੍ਰਦਰਸ਼ਨ ਕੀਤਾ। ਅਮਰੀਕਾ ਲਾਲ, ਨੀਲੇ ਅਤੇ ਚਿੱਟੇ ਰੰਗਾਂ ਵਿਚ ਰੰਗਿਆ ਗਿਆ। ਜਿੱਥੇ ਸਰਕਾਰੀ ਤੌਰ ‘ਤੇ ਆਤਿਸ਼ਬਾਜ਼ੀ ਚਲਾਈ ਗਈ, ਉਥੇ ਆਮ ਲੋਕਾਂ ਵੱਲੋਂ ਆਪਣੇ ਘਰਾਂ ਦੇ ਅੱਗੇ ਪਟਾਕੇ, ਫੁਲਝੜੀਆਂ ਅਤੇ ਆਤਿਸ਼ਬਾਜ਼ੀਆਂ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪੰਜਾਬੀ ਭਾਈਚਾਰੇ ਵੱਲੋਂ ਵੀ ਇਸ ਵਾਰ ਅਮਰੀਕਾ ਦਾ ਆਜ਼ਾਦੀ ਜਸ਼ਨ ਵੱਧ-ਚੜ੍ਹ ਕੇ ਮਨਾਇਆ ਗਿਆ। ਪੰਜਾਬ ਮੇਲ ਦੇ ਸੈਕਰਾਮੈਂਟੋ ਸਥਿਤ ਦਫਤਰ ਵਿਚ ਵੀ ਇਸ ਸੰਬੰਧੀ ਖੁਸ਼ੀ ਸਾਂਝੀ ਕੀਤੀ ਗਈ। ਜਿੱਥੇ ਪੰਜਾਬ ਮੇਲ ਦੇ ਸਟਾਫ ਵੱਲੋਂ ਪਟਾਕੇ ਆਦਿ ਚਲਾਏ ਗਏ, ਉਥੇ ਸਥਾਨਕ ਲੋਕਾਂ ਵਿਚ ਮਿਠਾਈਆਂ ਵੀ ਵੰਡੀਆਂ ਗਈਆਂ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਨਿਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਅਮਰੀਕਾ ਦੁਨੀਆਂ ਦਾ ਨੰਬਰ ਇਕ ਦੇਸ਼ ਹੈ। ਇਸ ਦੇ ਲਈ ਇਥੋਂ ਦੇ ਹੁਣ ਤੱਕ ਦੇ ਸਾਰੇ ਰਾਸ਼ਟਰਪਤੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਸ ਦੇਸ਼ ਨੂੰ ਮਹਾਨ ਬਣਾਉਣ ਵਿਚ ਆਪਣੀ ਪੂਰੀ ਵਾਹ ਲਾ ਦਿੱਤੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਾਨੂੰ ਇਕਮੁੱਠ ਹੋਣ ਦੀ ਲੋੜ ਹੈ, ਤਾਂਕਿ ਅਸੀਂ ਅਮਰੀਕਾ ਦੀ ਆਜ਼ਾਦੀ ਦਾ ਆਨੰਦ ਮਾਣ ਸਕੀਏ।