-ਦਲ ਬਦਲੂ ਖੁਸ਼, ਟਕਸਾਲੀ ਭਾਜਪਾਈਆਂ ‘ਚ ਛਾਈ ਨਿਰਾਸ਼ਾ
ਚੰਡੀਗੜ੍ਹ, 5 ਜੁਲਾਈ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਨੇ ਸਾਬਕਾ ਕਾਂਗਰਸੀ ਆਗੂ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਅਸ਼ਵਨੀ ਸ਼ਰਮਾ ਨੂੰ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਨਿਯੁਕਤੀ ਨਾਲ ਭਾਜਪਾ ਨੇ ਆਪਣੀ ਦਹਾਕਿਆਂ ਪੁਰਾਣੀ ਰਵਾਇਤ ਨੂੰ ਤੋੜਦਿਆਂ ਜਨ ਸੰਘ ਦੇ ਪਿਛੋਕੜ ਨੂੰ ਤਿਲਾਂਜਲੀ ਦੇ ਦਿੱਤੀ ਹੈ। ਪਾਰਟੀ ਦੇ ਸੂਬਾਈ ਯੂਨਿਟ ਵਿਚ ਟਕਸਾਲੀ ਭਾਜਪਾਈਆਂ ਦੇ ਇੱਕ ਧੜੇ ਵੱਲੋਂ ਜਾਖੜ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਜਨ ਸੰਘ ਦੇ ਪਿਛੋਕੜ ਵਾਲੇ ਆਗੂ ਨੂੰ ਸੂਬੇ ਦੀ ਪ੍ਰਧਾਨਗੀ ਸੌਂਪਣ ‘ਤੇ ਜ਼ੋਰ ਦਿੱਤਾ ਜਾ ਰਿਹਾ ਸੀ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਹੋਰ ਆਗੂ ਕਾਂਗਰਸ ਛੱਡ ਕੇ ਭਗਵਾਂ ਰੰਗ ‘ਚ ਰੰਗੇ ਆਗੂਆਂ ਨੂੰ ਪਾਰਟੀ ਦੀ ਕਮਾਨ ਸੌਂਪ ਕੇ ਸੰਸਦੀ ਚੋਣਾਂ ਦੌਰਾਨ ਨਵਾਂ ਤਜ਼ਰਬਾ ਕਰਨ ਦੇ ਪੱਖ ਵਿਚ ਸਨ। ਪਾਰਟੀ ਵੱਲੋਂ ਇਸੇ ਆਧਾਰ ਨੂੰ ਮੁੱਖ ਰਖਦਿਆਂ ਇਹ ਨਿਯੁਕਤੀ ਕੀਤੀ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਮੁਤਾਬਕ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਨੂੰ ਸੂਬਾਈ ਅਹੁਦੇਦਾਰਾਂ ਦੀ ਟੀਮ ਵਿਚ ਨਵੀਆਂ ਨਿਯੁਕਤੀਆਂ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਹਨ। ਇਸ ਤਰ੍ਹਾਂ ਨਾਲ ਸੂਬਾ ਅਹੁਦੇਦਾਰਾਂ ਵਿਚ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਛੱਡ ਕੇ ਦਲ ਬਦਲੀ ਕਰਨ ਵਾਲੇ ਸਿਆਸੀ ਆਗੂਆਂ ਨੂੰ ਅਹੁਦੇ ਮਿਲਣ ਦੀ ਸੰਭਾਵਨਾ ਹੈ। ਭਾਜਪਾ ਹਾਈ ਕਮਾਂਡ ਨੇ ਸੂਬਾਈ ਲੀਡਰਸ਼ਿਪ ਨੂੰ ਵੀ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵਿਚੋਂ ਦਲ ਬਦਲੀ ਕਰਨ ਵਾਲੇ ਆਗੂਆਂ ਨੂੰ ਅਹਿਮ ਅਹੁਦੇ ਦਿੱਤੇ ਜਾ ਸਕਦੇ ਹਨ। ਭਾਜਪਾ ਨੇ ਇਸ ਨਿਯੁਕਤੀ ਦੇ ਸੰਕੇਤ ਕੁਝ ਦਿਨ ਪਹਿਲਾਂ ਹੀ ਦੇ ਦਿੱਤੇ ਸਨ। ਭਾਜਪਾ ਆਗੂਆਂ ਦਾ ਦੱਸਣਾ ਹੈ ਕਿ ਪਾਰਟੀ ਅੰਦਰ ਸੂਬਾ ਪ੍ਰਧਾਨ ਨੂੰ ਬਦਲਣ ਦੇ ਮੁੱਦੇ ‘ਤੇ ਚਰਚਾ ਤਾਂ ਕਈ ਮਹੀਨਿਆਂ ਤੋਂ ਚੱਲ ਰਹੀ ਹੈ, ਪਰ ਹਾਲ ਹੀ ਵਿਚ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ‘ਚ ਭਾਜਪਾ ਦੀ ਮੌਜੂਦਾ ਸੂਬਾਈ ਲੀਡਰਸ਼ਿਪ ਪ੍ਰਭਾਵਸ਼ਾਲੀ ਇਕੱਠ ਕਰਨ ਵਿਚ ਨਾਕਾਮ ਰਹੀ ਸੀ। ਹਾਈ ਕਮਾਨ ਨੇ ਉਦੋਂ ਹੀ ਪੰਜਾਬ ਦੀ ਲੀਡਰਸ਼ਿਪ ਵਿਚ ਤੁਰੰਤ ਤਬਦੀਲੀ ਕਰਨ ਦਾ ਫੈਸਲਾ ਲਿਆ ਸੀ। ਸੂਤਰਾਂ ਦਾ ਦੱਸਣਾ ਹੈ ਕਿ ਪ੍ਰਧਾਨ ਦੀ ਨਿਯੁਕਤੀ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ ਹੈ। ਪਾਰਟੀ ਹਾਈ ਕਮਾਨ ਵੱਲੋਂ ਪੰਜਾਬ ਦੇ ਸਿਆਸੀ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਕੇਂਦਰੀ ਮੰਤਰੀਆਂ ਨੇ ਪੰਜਾਬ ਲੀਡਰਸ਼ਿਪ ਦੀ ਵਾਗਡੋਰ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਕੱਦਾਵਰ ਆਗੂ ਨੂੰ ਸੌਂਪਣ ਦੀ ਵਕਾਲਤ ਕੀਤੀ ਹੈ, ਤਾਂ ਜੋ ਇਸ ਸਰਹੱਦੀ ਸੂਬੇ ਵਿੱਚ ਦਲ-ਬਦਲੀ ਨੂੰ ਵੱਡਾ ਹੁਲਾਰਾ ਦਿੱਤਾ ਜਾਵੇ।
ਭਾਜਪਾ ਵੱਲੋਂ ਪੰਜਾਬ ਵਿਚ ਪਹਿਲੀ ਵਾਰੀ ਕਾਂਗਰਸ ਦੇ ਕਿਸੇ ਸਾਬਕਾ ਆਗੂ ਨੂੰ ਪਾਰਟੀ ‘ਚ ਵੱਡਾ ਅਹੁਦਾ ਦਿੱਤਾ ਗਿਆ ਹੈ। ਭਾਜਪਾ ਵਿਚ ਟਕਸਾਲੀ ਆਗੂਆਂ ਅਤੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਆਗੂਆਂ ਦਰਮਿਆਨ ਪਹਿਲਾਂ ਅੰਦਰਖਾਤੇ ਲੜਾਈ ਚੱਲ ਰਹੀ ਸੀ ਤੇ ਇਹ ਲੜਾਈ ਵਧਣ ਦੇ ਆਸਾਰ ਹਨ ਕਿਉਂਕਿ ਭਾਜਪਾ ਅੰਦਰਲੇ ਦਲ ਬਦਲੂਆਂ ‘ਚ ਜਿੱਥੇ ਖੁਸ਼ੀ ਦਾ ਮਾਹੌਲ ਹੈ, ਉਥੇ ਟਕਸਾਲੀ ਭਾਜਪਾਈਆਂ ਵਿਚ ਨਿਰਾਸ਼ਾ ਛਾਈ ਹੋਈ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਰਿਹਾ ਹੈ। ਸ਼੍ਰੀ ਜਾਖੜ ਸਾਲ 2017 ਤੋਂ 2021 ਦੇ ਅੱਧ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਵੀ ਰਹੇ। ਉਨ੍ਹਾਂ ਦੇ ਪਿਤਾ ਚੌਧਰੀ ਬਲਰਾਮ ਜਾਖੜ ਲੋਕ ਸਭਾ ਦੇ ਸਪੀਕਰ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ ਤੇ ਉਨ੍ਹਾਂ ਦਾ ਇੱਕ ਭਤੀਜਾ ਇਸ ਸਮੇਂ ਅਬੋਹਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦਾ ਵਿਧਾਇਕ ਹੈ।
ਸੁਨੀਲ ਜਾਖੜ ਉਨ੍ਹਾਂ 7 ਅਹਿਮ ਚਿਹਰਿਆਂ ‘ਚੋਂ ਇਕ ਹਨ, ਜੋ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸੋਢੀ ਸ਼ਾਮਲ ਹਨ। ਭਾਜਪਾ ਨੂੰ ਉਮੀਦ ਹੈ ਕਿ ਇਹ ਉਹ ਚਿਹਰੇ ਹਨ, ਜੋ ਪੰਜਾਬ ਵਿਚ 13 ਲੋਕ ਸਭਾ ਸੀਟਾਂ ਦੇ ਟੀਚੇ ਤੱਕ ਪਹੁੰਚਣ ਵਿਚ ਉਸਦੀ ਮਦਦ ਕਰ ਸਕਦੇ ਹਨ।