ਨਵੀਂ ਦਿੱਲੀ, 30 ਜੂਨ (ਪੰਜਾਬ ਮੇਲ)- ਖੇਡ ਮੰਤਰਾਲੇ ਨੇ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ, ਜਿਨ੍ਹਾਂ ਨੇ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਵਾਸਤੇ ਟਰਾਇਲ ਲਈ 10 ਅਗਸਤ ਤੱਕ ਦਾ ਸਮਾਂ ਮੰਗਿਆ ਸੀ, ਨੂੰ ਕ੍ਰਮਵਾਰ ਕਿਰਗਿਜ਼ਸਤਾਨ ਅਤੇ ਹੰਗਰੀ ‘ਚ ਟਰੇਨਿੰਗ ਲੈਣ ਲਈ ਮਨਜ਼ੂਰੀ ਦੇ ਦਿੱਤੀ ਹੈ। ਦੋਵੇਂ ਪਹਿਲਵਾਨ ਕਥਿਤ ਜਿਨਸੀ ਸੋਸ਼ਣ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੁਸ਼ਣ ਸਿੰਘ ਖ਼ਿਲਾਫ਼ ਅੰਦੋਲਨ ਦੀ ਅਗਵਾਈ ਕਰ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਵਿਦੇਸ਼ ‘ਚ ਟਰੇਨਿੰਗ ਲਈ ਆਪਣੀ ਤਜਵੀਜ਼ ਭੇਜੀ ਸੀ। ਇਹ ਦੋਨੋਂ ਜੁਲਾਈ ਦੇ ਪਹਿਲੇ ਹਫਤੇ ਰਵਾਨਾ ਹੋਣਗੇ। ਮੰਤਰਾਲੇ ਵੱਲੋਂ ਕਿਹਾ ਗਿਆ ਕਿ ਬਜਰੰਗ ਪੂਨੀਆ ਕਿਰਗਿਜ਼ਸਤਾਨ ਵਿਚ 36 ਦਿਨਾਂ ਦੇ ਟਰੇਨਿੰਗ ਕੈਂਪ ਵਿਚ ਹਿੱਸਾ ਲਵੇਗਾ, ਜਦਕਿ ਵਿਨੇਸ਼ ਫੋਗਾਟ ਬਿਸ਼ਕੇਕ (ਕਿਰਗਿਜ਼ਸਤਾਨ) ‘ਚ ਇੱਕ ਹਫ਼ਤੇ ਦੇ ਅਭਿਆਸ ਮਗਰੋਂ ਹੰਗਰੀ ਵਿਚ 18 ਦਿਨਾਂ ਟਰੇਨਿੰਗ ਕੈਂਪ ‘ਚ ਹਿੱਸਾ ਲਵੇਗੀ।