#AMERICA

ਅਮਰੀਕਾ ਦੇ ਏਡਾਹੋ ਰਾਜ ਵਿਚ ਇਕ ਪਰਿਵਾਰ ਦੇ 4 ਜੀਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ, ਗਵਾਂਢੀ ਗ੍ਰਿਫਤਾਰ,ਦੋਸ਼ ਆਇਦ

ਸੈਕਰਾਮੈਂਟੋ, 23 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਏਡਾਹੋ ਰਾਜ ਦੇ ਸ਼ਹਿਰ ਕੇਲੌਗ ਵਿਖੇ ਇਕ ਪਰਿਵਾਰ ਦੀ 4 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪੁਲਿਸ ਨੇ ਹੱਤਿਆ ਲਈ ਜਿੰਮੇਵਾਰ ਗਵਾਂਢੀ ਸ਼ੱਕੀ ਦੋਸ਼ੀ 31 ਸਾਲਾ ਮਜੋਰਜੋਨ ਕੇਲੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਪਹਿਲਾ ਦਰਜਾ ਹੱਤਿਆਵਾਂ ਤੇ ਲੁੱਟਮਾਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਹਰੇਕ ਮ੍ਰਿਤਕ ਦੇ ਸਰੀਰ ‘ਤੇ ਗੋਲੀਆਂ ਦੇ ਕਈ-ਕਈ ਜ਼ਖਮ ਹਨ। ਮ੍ਰਿਤਕਾਂ ਦੀ ਪਛਾਣ ਕੇਨਥ ਗੁਆਰਡੀਪੀ (65), ਉਸ ਦੀ ਧੀ ਕੇਨਾ ਗੁਆਰਡੀਪੀ (41), ਉਸ ਦੇ ਪੁੱਤਰ ਡੈਵਿਨ ਸਮਿੱਥ (18) ਤੇ ਏਕਨ ਸਮਿੱਥ (16) ਵਜੋਂ ਹੋਈ ਹੈ। ਅਦਾਲਤ ਦੇ ਰਿਕਾਰਡ ਅਨੁਸਾਰ ਇਨਾਂ ਚਾਰਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਨੇੜਿਉਂ ਗੋਲੀਆਂ ਮਾਰੀਆਂ ਗਈਆਂ ਹਨ। ਦੋ ਨਬਾਲਗ ਲੜਕਿਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਜਦ ਕਿ ਮਾਂ ਤੇ ਧੀ ਦੀਆਂ ਲਾਸ਼ਾਂ ਘਰ ਦੇ ਬਾਹਰ ਪਈਆਂ ਮਿਲੀਆਂ ਸਨ। ਹਾਲਾਂ ਕਿ ਅਧਿਕਾਰੀਆਂ ਨੇ ਹੱਤਿਆਵਾਂ ਪਿੱਛੇ ਅਸਲ ਮਕਸਦ ਬਾਰੇ ਕੁਝ ਨਹੀਂ ਦਸਿਆ ਹੈ ਪਰੰਤੂ ਪੁਲਸ ਵੱਲੋਂ ਦਾਇਰ ਹਲਫ਼ੀਆ ਬਿਆਨ ਅਨੁਸਾਰ ਹੱਤਿਆਵਾਂ ਤੋਂ ਇਕ ਹਫਤਾ ਪਹਿਲਾਂ ਕੇਲੋਰ ਤੇ ਉਸ ਦਾ ਪਰਿਵਾਰ ਜੋ ਪੀੜਤਾਂ ਦੇ ਉਪਰ ਡੂਪਲੈਕਸ ਅਪਾਰਟਮੈਂਟ ਵਿਚ ਰਹਿੰਦਾ ਹੈ, ਨੇ ਡੈਵਿਨ ਸਮਿੱਥ ਉਪਰ ਉਨਾਂ ਦੀ ਧੀ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਾਇਆ ਸੀ ਜਿਸ ‘ਤੇ ਦੋਨਾਂ ਪਰਿਵਾਰਾਂ ਵਿਚਾਲੇ ਝਗੜਾ ਹੋਇਆ ਸੀ ਜੋ ਹਤਿਆਵਾਂ ਦਾ ਕਾਰਨ ਬਣਿਆ।

Leave a comment