#CANADA

ਕੈਨੇਡਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਟਰੱਕ ਤੇ ਬੱਸ ਦੀ ਹੋਈ ਟੱਕਰ, 15 ਲੋਕਾਂ ਦੀ ਮੌਤ

ਟੋਰਾਂਟੋ, 16 ਜੂਨ (ਪੰਜਾਬ ਮੇਲ) – ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ ਇਕ ਸੈਮੀ ਟਰੇਲਰ ਟਰੱਕ ਅਤੇ ਬਜ਼ੁਰਗਾਂ ਨਾਲ ਭਰੀ ਬੱਸ ਵਿਚਾਲੇ ਟੱਕਰ ਹੋ ਗਈ ਹੈ। ਇਸ ਭਿਆਨਕ ਟੱਕਰ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਹਨ। ਕੈਨੇਡੀਅਨ ਪੁਲਿਸ ਨੇ ਟਵਿੱਟਰ ‘ਤੇ ਕਿਹਾ ਕਿ ਕਾਰਬੇਰੀ ਸ਼ਹਿਰ ਦੇ ਨੇੜੇ ਹਾਦਸਾ ਹੋਣ ਤੋਂ ਬਾਅਦ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਯੂਨਿਟ ਮੌਕੇ ‘ਤੇ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਈ ਸੀ।

ਪੱਤਰਕਾਰਾਂ ਨੂੰ ਹਾਦਸੇ ਦੀ ਪੁਸ਼ਟੀ ਕਰਦਿਆਂ ਆਰਸੀਐਮਪੀ ਮੈਨੀਟੋਬਾ ਦੇ ਅਧਿਕਾਰੀ ਰੌਬ ਹਿੱਲ ਨੇ ਦੱਸਿਆ ਕਿ ਕਰੀਬ 25 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਈਵੇਅ ਵਨ ਅਤੇ ਹਾਈਵੇਅ ਫਾਈਵ ਦੇ ਚੌਰਾਹੇ ‘ਤੇ ਇੱਕ ਸੈਮੀ ਟਰੇਲਰ ਟਰੱਕ ਨਾਲ ਟਕਰਾ ਗਈ। ਮਿੰਨੀ ਬੱਸ ਵਿੱਚ ਜ਼ਿਆਦਾਤਰ ਲੋਕ ਬਜ਼ੁਰਗ ਸਨ।

ਆਰਸੀਐਮਪੀ ਮੈਨੀਟੋਬਾ ਦੇ ਅਧਿਕਾਰੀ ਰੌਬ ਹਿੱਲ ਨੇ ਦੱਸਿਆ ਕਿ ਹਾਦਸਾ ਕਾਰਬੇਰੀ ਸ਼ਹਿਰ ਦੇ ਉੱਤਰ ਵਿੱਚ ਟਰਾਂਸ-ਕੈਨੇਡਾ ਹਾਈਵੇਅ ਉੱਤੇ ਵਾਪਰਿਆ। ਇਸ ਹਾਦਸੇ ‘ਚ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਸਾਰੇ ਹਸਪਤਾਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਹਾਈਵੇਅ ਨੇੜੇ ਹਾਦਸੇ ਤੋਂ ਬਾਅਦ ਮਿੰਨੀ ਬੱਸ ਇੱਕ ਖਾਈ ਵਿੱਚ ਡਿੱਗ ਗਈ ਅਤੇ ਅੱਗ ਲੱਗ ਗਈ।

ਹਾਦਸੇ ਵਾਲੀ ਥਾਂ ਦੇ ਨੇੜੇ ਇਕ ਹੋਟਲ ਵਿਚ ਕੰਮ ਕਰਨ ਵਾਲੇ ਨਿਰਮੇਸ਼ ਵਡੇਰਾ ਮੁਤਾਬਕ ਹਾਦਸੇ ਵਾਲੀ ਥਾਂ ‘ਤੇ ਕਈ ਐਮਰਜੈਂਸੀ ਵਾਹਨ ਅਤੇ ਦੋ ਹੈਲੀਕਾਪਟਰ ਮੌਜੂਦ ਸਨ। ਵਡੇਰਾ ਨੇ ਟੈਲੀਫੋਨ ‘ਤੇ ਏਐਫਪੀ ਨੂੰ ਦੱਸਿਆ ਕਿ ਇਹ ਦੁਰਘਟਨਾ ਦੇਖਣਾ “ਸੱਚਮੁੱਚ ਹੈਰਾਨੀਜਨਕ” ਸੀ, ਕਿਉਂਕਿ ਉਸਨੇ ਕਦੇ ਵੀ ਕਾਰ ਵਿੱਚ ਇਸ ਤਰ੍ਹਾਂ ਦੀ ਅੱਗ ਲੱਗਦੀ ਨਹੀਂ ਦੇਖੀ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਹਾਦਸੇ ‘ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਰਬੇਰੀ, ਮੈਨੀਟੋਬਾ ਤੋਂ ਆਈ ਇਹ ਖਬਰ ਬਹੁਤ ਹੀ ਦੁਖਦਾਈ ਹੈ। ਮੈਂ ਉਸ ਦਰਦ ਨੂੰ ਕਲਪਨਾ ਨਹੀਂ ਕਰ ਸਕਦਾ, ਜੋ ਦਰਦ ਮਹਿਸੂਸ ਕਰ ਰਹੇ ਹੋ, ਪਰ ਪੂਰਾ ਦੇਸ਼ ਤੁਹਾਡੇ ਨਾਲ ਹੈ।

Leave a comment