#AMERICA

ਗੁਪਤ ਦਸਤਾਵੇਜ਼ਾਂ ਨਾਲ ਜੁੜੇ ਅਪਰਾਧਿਕ ਮਾਮਲੇ ‘ਚ ਟਰੰਪ ਗ੍ਰਿਫ਼ਤਾਰ

-ਟਰੰਪ ਨੇ ਦੋਸ਼ੀ ਨਾ ਠਹਿਰਾਏ ਜਾਣ ਦੀ ਕੀਤੀ ਅਪੀਲ
ਮਿਆਮੀ, 14 ਜੂਨ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਮੰਗਲਵਾਰ 13 ਜੂਨ ਨੂੰ ਮਿਆਮੀ ਦੀ ਸੰਘੀ ਅਦਾਲਤ ਵਿਚ ਗੁਪਤ ਦਸਤਾਵੇਜ਼ਾਂ ਨੂੰ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪਹੁੰਚੇ ਅਤੇ ਅਧਿਕਾਰੀਆਂ ਨੂੰ ਸਮਰਪਣ ਕਰ ਦਿੱਤਾ। ਟਰੰਪ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ।
ਇਸ ਤੋਂ ਪਹਿਲਾਂ ਸ਼ੁੱਕਰਵਾਰ 9 ਜੂਨ ਨੂੰ ਗੁਪਤ ਸੂਚਨਾ ਮਾਮਲੇ ‘ਚ ਟਰੰਪ ਦੇ ਖਿਲਾਫ ਸੰਘੀ ਦੋਸ਼ਾਂ ਨੂੰ ਜਨਤਕ ਕੀਤਾ ਗਿਆ ਸੀ। ਉਸ ‘ਤੇ ਗੁਪਤ ਜਾਣਕਾਰੀ ਰੱਖਣ, ਨਿਆਂ ‘ਚ ਰੁਕਾਵਟ ਪਾਉਣ ਅਤੇ ਝੂਠੇ ਬਿਆਨ ਦੇਣ ਦੇ 37 ਮਾਮਲਿਆਂ ਦਾ ਸਾਹਮਣਾ ਕੀਤਾ ਗਿਆ ਹੈ।
ਨਿਆਂ ਵਿਭਾਗ ਨੇ ਕਿਹਾ ਸੀ ਕਿ ਜਦੋਂ ਟਰੰਪ ਨੇ ਜਨਵਰੀ 2021 ਵਿਚ ਵ੍ਹਾਈਟ ਹਾਊਸ ਛੱਡਿਆ ਸੀ, ਤਾਂ ਉਹ ਪੈਂਟਾਗਨ, ਸੀ.ਆਈ.ਏ., ਰਾਸ਼ਟਰੀ ਸੁਰੱਖਿਆ ਏਜੰਸੀ ਅਤੇ ਹੋਰ ਖੁਫੀਆ ਸੰਸਥਾਵਾਂ ਤੋਂ ਅਤਿ ਸੰਵੇਦਨਸ਼ੀਲ ਜਾਣਕਾਰੀ ਵਾਲੀਆਂ ਕਲਾਸੀਫਾਈਡ ਫਾਈਲਾਂ ਆਪਣੇ ਨਾਲ ਲੈ ਗਏ ਸਨ। ਟਰੰਪ ਨੇ ਸ਼ਾਵਰ ਅਤੇ ਬਾਲਰੂਮ ਵਿਚ ਖੁਫੀਆ ਜਾਣਕਾਰੀ ਵਾਲੇ ਦਸਤਾਵੇਜ਼ ਰੱਖੇ ਸਨ।
ਇਲਜ਼ਾਮਾਂ ਵਿਚ ਕਿਹਾ ਗਿਆ ਹੈ ਕਿ ਟਰੰਪ ਖੁਦ ਦਸਤਾਵੇਜ਼ਾਂ ਦੇ ਬਕਸੇ ਆਪਣੀ ਮਾਰ-ਏ-ਲਾਗੋ ਅਸਟੇਟ ਵਿਚ ਲਿਜਾਣ ਵਿਚ ਸ਼ਾਮਲ ਸਨ। ਐੱਫ.ਬੀ.ਆਈ. ਨੇ ਟਰੰਪ ਦੀ ਰਿਹਾਇਸ਼ ਤੋਂ ਜੋ ਚੋਟੀ ਦੇ ਗੁਪਤ ਰਿਕਾਰਡ ਜ਼ਬਤ ਕੀਤੇ ਹਨ, ਉਨ੍ਹਾਂ ਵਿਚ ਵਿਦੇਸ਼ੀ ਦੇਸ਼ ਦੀ ਪ੍ਰਮਾਣੂ ਸਮਰੱਥਾ ਦੇ ਵੇਰਵੇ ਸ਼ਾਮਲ ਹਨ।
10 ਜੂਨ ਨੂੰ ਫਲੋਰੀਡਾ ਦੀ ਸੰਘੀ ਅਦਾਲਤ ਵਿਚ ਦਾਇਰ ਕੀਤੇ ਗਏ ਦੋਸ਼ਾਂ ਦੇ ਅਨੁਸਾਰ, ਟਰੰਪ ਨੇ ਆਪਣੇ ਮਾਰ-ਏ-ਲਾਗੋ ਨਿਵਾਸ ਅਤੇ ਕਲੱਬ ਵਿਚ ਦਸਤਾਵੇਜ਼ਾਂ ਨੂੰ ਅਸੁਰੱਖਿਅਤ ਰੱਖਿਆ, ਜੋ ਨਿਯਮਤ ਤੌਰ ‘ਤੇ ਸਮਾਗਮਾਂ ਲਈ ਹਜ਼ਾਰਾਂ ਮਹਿਮਾਨਾਂ ਦੀ ਮੇਜ਼ਬਾਨੀ ਕਰਦਾ ਹੈ। ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਦਸਤਾਵੇਜ਼ਾਂ ਦਾ ਅਣਅਧਿਕਾਰਤ ਖੁਲਾਸਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਪਾ ਸਕਦਾ ਹੈ।
ਜੇ ਟਰੰਪ ‘ਤੇ ਦੋਸ਼ ਸਾਬਤ ਹੁੰਦੇ ਹਨ, ਤਾਂ ਇਸ ਨੂੰ ਪੂਰਾ ਕੇਸ ਚੱਲਣ ਤੋਂ ਬਾਅਦ ਲੰਮੀ ਸਜ਼ਾ ਵੀ ਹੋ ਸਕਦੀ ਹੈ। ਟਰੰਪ 3 ਵਜੇ ਦੇ ਕਰੀਬ ਮਿਆਮੀ ਪੁੱਜੇ। ਉਸ ਤੋਂ ਬਾਅਦ ਉਹ ਸਿੱਧਾ ਕੋਰਟ ਹਾਊਸ ਗਏ। ਪੂਰਾ ਕੋਰਟ ਹਾਊਸ ਸੀਕ੍ਰੇਟ ਸਰਵਿਸ ਏਜੰਟਾਂ ਦੁਆਰਾ ਘਿਰਿਆ ਹੋਇਆ ਸੀ। ਕੋਰਟ ਹਾਊਸ ਦੇ ਬਾਹਰ ਕਾਫੀ ਵੱਡੀ ਭੀੜ ਸੀ, ਜਿਨ੍ਹਾਂ ਵਿਚ ਜਿੱਥੇ ਟਰੰਪ ਦੇ ਹੱਕ ਵਿਚ ਲੋਕ ਇਕੱਤਰ ਹੋਏ ਸਨ, ਉਥੇ ਉਸ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ।

Leave a comment