-ਕੈਲੀਫੋਰਨੀਆ ‘ਚ ਹੋਣਗੇ ਵਿਸ਼ੇਸ਼ ਸਮਾਗਮ
ਸੈਕਰਾਮੈਂਟੋ, 2 ਸਤੰਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰਸਿੱਧ ਸਮਾਜ ਸੇਵੀ ਪ੍ਰੋਫੈਸਰ ਡਾ. ਐੱਸ.ਪੀ. ਸਿੰਘ ਓਬਰਾਏ ਇਨ੍ਹੀਂ ਦਿਨੀਂ ਅਮਰੀਕਾ ਅਤੇ ਕੈਨੇਡਾ ਦੇ ਦੌਰੇ ‘ਤੇ ਹਨ। ਆਪਣੇ ਦੌਰੇ ਦੌਰਾਨ ਉਹ ਵੱਖ-ਵੱਖ ਸ਼ਹਿਰਾਂ ਵਿਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤਾਂ ਕਰ ਰਹੇ ਹਨ ਅਤੇ ਟਰੱਸਟ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ।
ਡਾ. ਓਬਰਾਏ ਹੁਣ ਤੱਕ ਸ਼ਿਕਾਗੋ, ਸਿਆਟਲ, ਟੋਰਾਂਟੋ, ਸੈਕਰਾਮੈਂਟੋ, ਫਰਿਜ਼ਨੋ, ਬੇ ਏਰੀਆ ਅਤੇ ਨਿਊਯਾਰਕ ਸਮੇਤ ਕਈ ਸ਼ਹਿਰਾਂ ਦਾ ਦੌਰਾ ਕਰ ਚੁੱਕੇ ਹਨ। ਸੈਕਰਾਮੈਂਟੋ ਪਹੁੰਚਣ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੈਲੀਫੋਰਨੀਆ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਵਾਗਤ ਅਤੇ ਸਨਮਾਨ ਕੀਤਾ ਗਿਆ।
ਕੈਲੀਫੋਰਨੀਆ ਵਿਚ ਡਾ. ਓਬਰਾਏ ਦੇ ਸਨਮਾਨ ਵਿਚ ਦੋ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ। ਪਹਿਲਾ ਸਮਾਗਮ ਫਰਿਜ਼ਨੋ ਅਤੇ ਦੂਜਾ ਸੈਕਰਾਮੈਂਟੋ ਵਿਚ ਹੋਵੇਗਾ, ਜਿੱਥੇ ਕਮਿਊਨਿਟੀ ਨਾਲ ਸਬੰਧਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਅਤੇ ਸਮਾਜਿਕ ਆਗੂ ਸ਼ਾਮਲ ਹੋਣਗੇ।
ਇਨ੍ਹਾਂ ਸਮਾਗਮਾਂ ਦੌਰਾਨ ਡਾ. ਓਬਰਾਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਤ ਕੀਤੀ ਜਾ ਰਹੀ ਯੂਨੀਵਰਸਿਟੀ ਦੇ ਉਦੇਸ਼ ਅਤੇ ਭਵਿੱਖੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਦੇਣਗੇ। ਇਸ ਸਿੱਖਿਆ ਪ੍ਰੋਜੈਕਟ ਉੱਤੇ ਕਰੀਬ 200 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਯੋਜਨਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇੱਥੇ ਯੋਗ ਵਿਦਿਆਰਥੀਆਂ ਨੂੰ ਬਿਨਾਂ ਫੀਸ ਸਿੱਖਿਆ ਦੇ ਨਾਲ ਰਹਿਣ-ਸਹਿਣ ਦੀਆਂ ਸਹੂਲਤਾਂ ਵੀ ਮੁਫ਼ਤ ਮੁਹੱਈਆ ਕਰਵਾਉਣ ਦਾ ਉਦੇਸ਼ ਰੱਖਿਆ ਗਿਆ ਹੈ।
ਡਾ. ਓਬਰਾਏ ਪਹਿਲਾਂ ਹੀ ਸਿਹਤ, ਸਿੱਖਿਆ, ਲੋੜਵੰਦ ਪਰਿਵਾਰਾਂ ਦੀ ਸਹਾਇਤਾ ਅਤੇ ਮਨੁੱਖਤਾ ਦੀ ਸੇਵਾ ਦੇ ਅਨੇਕਾਂ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾ ਚੁੱਕੇ ਹਨ। ਹੁਣ ਸਿੱਖਿਆ ਦੇ ਖੇਤਰ ਵਿਚ ਇਸ ਵੱਡੇ ਉਪਰਾਲੇ ਕਾਰਨ ਦੇਸ਼-ਵਿਦੇਸ਼ ਦੀਆਂ ਪੰਜਾਬੀ ਕਮਿਊਨਿਟੀਆਂ ਵੱਲੋਂ ਉਨ੍ਹਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਡਾ. ਐੱਸ.ਪੀ. ਸਿੰਘ ਓਬਰਾਏ ਦਾ ਅਮਰੀਕਾ-ਕੈਨੇਡਾ ਦੌਰੇ ‘ਤੇ

