ਸੰਸਦੀ ਕਮੇਟੀ ਨੂੰ ਸੌਂਪੀ ਗਈ ਰਿਪੋਰਟ ਮੁਤਾਬਕ ਬੇਸ਼ਕੀਮਤੀ ਹੀਰਾ ਵਾਪਸ ਲਿਆਉਣ ‘ਚ ਕੋਈ ਅੜਿੱਕਾ ਨਹੀਂ
ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)- ਕੋਹਿਨੂਰ ਹੀਰੇ ਨੂੰ ਭਾਰਤ ਵਾਪਸ ਲਿਆਉਣ ਦਾ ਮਾਮਲਾ ‘ਸਰਕਾਰ ਦੇ ਵਿਚਾਰਅਧੀਨ ਹੈ।’ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸੰਸਦੀ ਕਮੇਟੀ ਕੋਲ ਇਕ ਰਿਪੋਰਟ ਰੱਖੀ ਗਈ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਬਰਤਾਨਵੀ ਸਾਮਰਾਜ ਵੱਲੋਂ ਲੈ ਲਿਆ ਗਿਆ ਕੋਹਿਨੂਰ ਹੀਰਾ ਅਤੇ ਹੋਰ ਕੀਮਤੀ ਵਸਤਾਂ ਵਾਪਸ ਮੰਗਣ ਤੋਂ ਭਾਰਤ ਨੂੰ ਕੋਈ ਵੀ ਨਹੀਂ ਰੋਕ ਸਕਦਾ। ਸਭਿਆਚਾਰ ਬਾਰੇ ਕੇਂਦਰੀ ਰਾਜ ਮੰਤਰੀ ਮੇਘਵਾਲ ਨੇ ਕੋਹਿਨੂਰ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਸਿਰਫ਼ 13 ਚੋਰੀ ਕੀਤੀਆਂ ਗਈਆਂ ਵਸਤਾਂ ਮੋੜੀਆਂ ਗਈਆਂ ਹਨ। ਜਦਕਿ 2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ 231 ਚੋਰੀ ਕੀਤੀਆਂ ਪੁਰਾਤਨ ਵਸਤਾਂ ਵਾਪਸ ਲਿਆਂਦੀਆਂ ਗਈਆਂ ਹਨ। ਮੇਘਵਾਲ ਨੇ ਕਿਹਾ ਕਿ ਸਰਕਾਰ ਨੇ ਸੰਸਦੀ ਕਮੇਟੀ ਦੀ ਰਿਪੋਰਟ ਪੜ੍ਹ ਲਈ ਹੈ ਤੇ ਕੋਹਿਨੂਰ ਬਾਰੇ ਵਿਚਾਰ ਹੋ ਰਿਹਾ ਹੈ। ਦੱਸਣਯੋਗ ਹੈ ਕਿ ਟਰਾਂਸਪੋਰਟ, ਸੈਰ-ਸਪਾਟਾ ਤੇ ਸੱਭਿਆਚਾਰ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਚੋਰੀ ਹੋਈਆਂ ਵਿਰਾਸਤੀ ਚੀਜ਼ਾਂ ਬਾਰੇ ਆਪਣੀ ਰਿਪੋਰਟ ਵਿਚ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਕੋਹਿਨੂਰ ਨੂੰ ਵਾਪਸ ਲਿਆਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ 105.6 ਕੈਰੇਟ ਦਾ ਕੋਹਿਨੂਰ ਦੁਨੀਆਂ ਦੇ ਸਭ ਤੋਂ ਵੱਡੇ ਆਕਾਰ ਦੇ ਕੱਟੇ ਹੋਏ ਹੀਰਿਆਂ ‘ਚ ਸ਼ਾਮਲ ਹੈ। ਇਹ ਵਰਤਮਾਨ ਵਿਚ ਯੂ.ਕੇ. ਦੇ ‘ਕਰਾਊਨ ਜਿਊਲਜ਼’ ਦਾ ਹਿੱਸਾ ਹੈ, ਜਿਸ ਨੂੰ ਸ਼ਾਹੀ ਪਰਿਵਾਰ ਪਹਿਨਦਾ ਹੈ। ਵਾਈ.ਐੱਸ.ਆਰ. ਕਾਂਗਰਸ ਦੇ ਆਗੂ ਵਿਜੈਸਾਈ ਰੈੱਡੀ ਦੀ ਅਗਵਾਈ ਵਿਚ ਕਮੇਟੀ ਨੇ ਸਰਕਾਰ ਨੂੰ ਇਸ ਕੀਮਤੀ ਇਤਿਹਾਸਕ ਵਿਰਾਸਤ ਨੂੰ ਵਾਪਸ ਲਿਆਉਣ ਲਈ ਆਲਮੀ ਪੱਧਰ ‘ਤੇ ਪ੍ਰਚੱਲਿਤ ਪ੍ਰਕਿਰਿਆ ਦਾ ਪਾਲਣ ਕਰਨ ਦਾ ਸੁਝਾਅ ਦਿੱਤਾ ਹੈ। ਕਮੇਟੀ ਦੇ ਸੂਤਰਾਂ ਮੁਤਾਬਕ ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਦੇ ਕੇਂਦਰੀ ਸਕੱਤਰ ਨਿਤੇਨ ਚੰਦਰਾ ਨੇ ਕਮੇਟੀ ਨੂੰ ਜਾਣੂ ਕਰਾਇਆ ਸੀ ਕਿ 1970 ਦੇ ਇਕ ਯੂਨੈਸਕੋ ਸਮਝੌਤੇ ਤਹਿਤ ਕੋਹਿਨੂਰ ਨੂੰ ਵਾਪਸ ਭਾਰਤ ਲਿਆਉਣ ਦੀ ਕਾਰਵਾਈ ਵਿੱਢੀ ਜਾ ਸਕਦੀ ਹੈ।