#AMERICA

36 ਪ੍ਰਵਾਸੀਆਂ ਨੂੰ ਧੋਖੇ ਨਾਲ ਕੈਲੀਫੋਰਨੀਆ ਭੇਜਿਆ ਗਿਆ-ਅਧਿਕਾਰੀ

* ਕੋਈ ਵੀ ਪੰਜਾਬੀ ਜਾਂ ਭਾਰਤੀ ਪ੍ਰਵਾਸੀਆਂ ਵਿਚ ਸ਼ਾਮਿਲ ਨਹੀਂ
ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਦਿਨਾਂ ਦੌਰਾਨ 2 ਚਾਰਟਡ ਉਡਾਣਾਂ ਰਾਹੀਂ ਫਲੋਰਿਡਾ ਤੋਂ ਸੈਕਰਾਮੈਂਟੋ ਪੁੱਜੇ 36 ਪ੍ਰਵਾਸੀਆਂ ਨੂੰ ਲੈ ਕੇ ਵਿਵਾਦ ਜਾਰੀ ਹੈ। ਫਲੋਰਿਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਆਪਣੀ ਇੱਛਾ ਅਨੁਸਾਰ ਸੈਕਰਾਮੈਂਟੋ ਗਏ ਹਨ ਜਦ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰਵਾਸੀ ਸ਼ਰਨ ਲੈਣਾ ਚਹੁੰਦੇ ਹਨ ਤੇ ਉਨਾਂ ਨੂੰ ਕੈਲੀਫੋਰਨੀਆ ਲਿਆਉਣ ਲਈ ਗੁੰੰਮਰਾਹ ਕੀਤਾ ਗਿਆ ਹੈ। ਇਹ ਪ੍ਰਵਾਸੀ ਵੈਂਜੂਏਲਾ, ਕੋਲੰਬੀਆ, ਮੈਕਸੀਕੋ ਜਾਂ ਨਿਕਾਰਾਗੁਆ ਤੋਂ ਹਨ ਤੇ ਇਨਾਂ ਵਿਚ ਕੋਈ ਵੀ ਪੰਜਾਬੀ ਜਾਂ ਭਾਰਤੀ ਸ਼ਾਮਿਲ ਨਹੀਂ ਹੈ। ਫਲੋਰਿਡਾ ਡਵੀਜਨ ਆਫ ਐਮਰਜੈਂਸੀ ਮੈਨਜਮੈਂਟ ਦੇ ਬੁਲਾਰੇ ਅਲੀਸੀਆ ਕੋਲਿਨਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ”ਜ਼ੁਬਾਨੀ ਤੇ ਲਿਖਤੀ ਸਹਿਮਤੀ ਅਨੁਸਾਰ ਇਹ ਪ੍ਰਵਾਸੀ ਆਪਣੀ ਇੱਛਾ ਅਨੁਸਾਰ ਕੈਲੀਫੋਰਨੀਆ ਜਾਣਾ ਚਹੁੰਦੇ ਸਨ। ਇਨਾਂ ਨੂੰ ਤੀਸਰੀ ਧਿਰ (ਗੈਰ ਸਰਕਾਰੀ ਸੰਗਠਨ) ਦੇ ਸਪੁਰਦ ਕੀਤੇ ਜਾਣ ਨੂੰ ਯਕੀਨੀ ਬਣਾਇਆ ਗਿਆ ਹੈ।” ਦੂਸਰੇ ਪਾਸੇ ਸੈਕਰਾਮੈਂਟੋ ਵਿਚਲੇ ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰਵਾਸੀ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਸ਼ਰਨ ਲੈਣਾ ਚਹੁੰਦੇ ਹਨ ਪਰੰਤੂ ਉਨਾਂ ਨਾਲ ਧੋਖਾ ਕੀਤਾ ਗਿਆ ਹੈ। ਉਨਾਂ ਨੂੰ ਕੈਲੀਫੋਰਨੀਆ ਲਿਆਉਣ ਲਈ ਗੁੰਮਰਾਹ ਕੀਤਾ ਗਿਆ ਹੈ। ਇਥੇ ਜਿਕਰਯੋਗ ਹੈ ਕਿ 16 ਪ੍ਰਵਾਸੀ ਸ਼ੁੱਕਰਵਾਰ ਨੂੰ ਇਕ ਉਡਾਣ ਰਾਹੀਂ ਸੈਕਰਾਮੈਂਟੋ ਪੁੁੱਜੇ ਸਨ ਤੇ 20 ਪ੍ਰਵਾਸੀ ਸੋਮਵਾਰ ਨੂੰ ਇਕ ਹੋਰ ਉਡਾਣ ਰਾਹੀਂ ਸੈਕਰਾਮੈਂਟੋ ਪੁੱਜੇ ਸਨ। ਸੈਕਰਾਮੈਂਟੋ ਏਰੀਆ ਕਾਂਗਰੇਗੇਸ਼ਨਜ ਟੂਗੈਦਰ ( ਏ ਸੀ ਟੀ) ਦੀ ਕਾਰਜਕਾਰੀ ਡਾਇਰੈਕਟਰ ਗੈਬੀ ਟਰੇਜੋ ਅਨੁਸਾਰ ਪ੍ਰਵਾਸੀਆਂ ਨੇ ਕਾਗਜ਼-ਪੱਤਰ ਤਿਆਰ ਕੀਤੇ ਹਨ। ਉਹ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਹਨ। ਉਨਾਂ ਕਿਹਾ ਕਿ ਪ੍ਰਵਾਸੀਆਂ ਦੀ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਸੁਣਵਾਈ ਅਜੇ ਹੋਣੀ ਹੈ।

Leave a comment