#INDIA

ਦੁਨੀਆਂ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ ਦੇ ਭਾਰਤੀ ਮੂਲ ਦੇ ਸੀ.ਈ.ਓ. ਦਾ ਦਿਹਾਂਤ

ਨਵੀਂ ਦਿੱਲੀ, 8 ਜੂਨ (ਪੰਜਾਬ ਮੇਲ)-ਦੁਨੀਆਂ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ ਸੀ. ਈ. ਓ. ਇਵਾਨ ਮੈਨੁਅਲ ਮੇਨੇਜ਼ੇਸ ਦੀ ਬੁੱਧਵਾਰ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਕੰਪਨੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। 64 ਸਾਲਾ ਮੇਨੇਜ਼ੇਸ ਇਸ ਮਹੀਨੇ ਦੇ ਅੰਤ ਵਿਚ ਸੇਵਾਮੁਕਤ ਹੋਣ ਵਾਲੇ ਸਨ । ਸੂਤਰਾਂ ਅਨੁਸਾਰ ਉਨ੍ਹਾਂ ਨੂੰ ਢਿੱਡ ਦੇ ਅਲਸਰ ਕਾਰਨ ਲੰਡਨ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ, ਅਧਿਕਾਰਿਕ ਰੂਪ ਵਿਚ ਇਸ ਬਾਰੇ ਕੁਝ ਕਿਹਾ ਨਹੀਂ ਗਿਆ ਹੈ।
Diageo ਵੱਲੋਂ ਸੋਮਵਾਰ ਨੂੰ ਐਲਾਨ ਗਿਆ ਕਿ ਮੇਨੇਜ਼ੇਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਦੋਂ ਤੱਕ Debra Crew ਕੰਪਨੀ ਦੇ ਅੰਤਰਿਮ ਸੀ.ਈ.ਓ. ਰਹਿਣਗੇ। ਕੰਪਨੀ ਵੱਲੋਂ ਇਹ ਫੈਸਲਾ ਮੇਨੇਜ਼ੇਸ ਦੇ ਸਿਹਤ ਨੂੰ ਦੇਖਦੇ ਹੋਏ ਲਿਆ ਗਿਆ ਸੀ। ਮੇਨੇਜ਼ੇਸ ਦਾ ਜਨਮ ਪੁਣੇ ਵਿਚ ਹੋਇਆ ਸੀ, ਉਨ੍ਹਾਂ ਦੇ ਪਿਤਾ ਮੈਨੁਅਲ ਮੇਨੇਜ਼ਸ ਭਾਰਤੀ ਰੇਲਵੇ ਬੋਰਡ ਦੇ ਚੇਅਰਮੈਨ ਰਹੇ ਹਨ, ਉਨ੍ਹਾਂ ਨੇ ਦਿੱਲੀ ਦੇ ਸੇਂਟ ਸਟੀਫੰਸ ਕਾਲਜ ਤੇ ਆਈ.ਆਈ.ਐੱਮ. ਅਹਿਮਦਾਬਾਦ ‘ਚ ਪੜ੍ਹਾਈ ਕੀਤੀ ਸੀ। ਉਨ੍ਹਾਂ ਦੇ ਭਰਾ ਵਿਕਟਰ ਮੇਨੇਜ਼ੇਸ ਸਿਟੀ ਬੈਂਕ ਦੇ ਸਾਬਕਾ ਪ੍ਰਧਾਨ ਤੇ ਸੀ.ਈ.ਓ. ਹਨ।
ਦੱਸ ਦੇਈਏ ਕਿ ਮੇਨੇਜ਼ੇਸ ਵਿਚ 1997 ਵਿਚ Diageo ਨਾਲ ਜੁੜੇ ਸਨ। 2012 ਵਿਚ ਉਹ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਬਣੇ ਅਤੇ ਫਿਰ 2013 ਵਿਚ ਸੀ.ਈ.ਓ. ਬਣ ਗਏ ਸਨ। ਉਨ੍ਹਾਂ ਦੇ ਕਾਰਜਕਾਲ ਵਿਚ ਕੰਪਨੀ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ। ਕੰਪਨੀ ਦੁਨੀਆਂ ਦੀ ਸਭ ਤੋਂ ਵੱਧੀ ਸ਼ਰਾਬ ਕੰਪਨੀ ਬਣੀ। ਮੌਜੂਦਾ ਸਮੇਂ ਵਿਚ ਕੰਪਨੀ ਦੇ ਕੋਲ ਪੂਰੀ ਦੁਨੀਆਂ ਵਿਚ 200 ਤੋਂ ਵੱਧ ਬ੍ਰਾਂਡ ਹਨ ਤੇ 180 ਬਾਜ਼ਾਰਾਂ ਵਿਚ ਕੰਪਨੀ ਦਾ ਕਾਰੋਬਾਰ ਫੈਲਿਆ ਹੋਇਆ ਹੈ।

Leave a comment