#AMERICA

ਵਿਸ਼ਵ ਗੱਤਕਾ ਫੈਡਰੇਸ਼ਨ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਵਲੋਂ ਗੱਤਕੇ ਨੂੰ ਕੌਮੀ ਖੇਡਾਂ ‘ਚ ਸ਼ਾਮਲ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ

– 86 ਸਾਲ ਬਾਅਦ ਗੱਤਕਾ ਖੇਡ ਨੂੰ ਮਿਲਿਆ ਮਾਣ; ਦੁਬਾਰਾ ਕੌਮਾਂਤਰੀ ਖੇਡਾਂ ‘ਚ ਸ਼ਾਮਲ ਹੋਇਆ
– ਅਗਲਾ ਟੀਚਾ ਗੱਤਕੇ ਨੂੰ ਏਸ਼ੀਅਨ ਸੈਫ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ‘ਚ ਸ਼ਾਮਲ ਕਰਾਉਣਾ: ਡਾ. ਦੀਪ ਸਿੰਘ, ਅਮਰੀਕਾ
ਨਿਉਯਾਰਕ, 5 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਵਿਸ਼ਵ ਦੇ ਸਮੂਹ ਮੁਲਕਾਂ ਦੀਆਂ ਗੱਤਕਾ ਫੈਡਰੇਸ਼ਨਾਂ ਦੀ ਨੁਮਾਇੰਦਾ ਖੇਡ ਜੱਥੇਬੰਦੀ, ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨੇ ਭਾਰਤ ਵਿਚ ਗੱਤਕਾ ਖੇਡ ਨੂੰ ਨੈਸ਼ਨਲ ਖੇਡਾਂ ਵਿਚ ਸ਼ਾਮਲ ਕਰਨ ‘ਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਪ੍ਰਾਪਤੀ ਦਾ ਸਦਕਾ ਕੁੱਲ ਦੁਨੀਆਂ ਦੇ ਗੱਤਕਾ ਖਿਡਾਰੀਆਂ ਵਿਚ ਵੱਡੀ ਖੁਸ਼ੀ ਦੀ ਲਹਿਰ ਹੈ ਅਤੇ ਭਾਰਤ ਵਿਚ ਗੱਤਕਾ ਖੇਡ ਨੂੰ ਮਾਨਤਾ ਤੇ ਮਿਲੀ ਤਰੱਕੀ ਦਾ ਮਾਡਲ ਹੋਰਨਾਂ ਮੁਲਕਾਂ ਵਿਚ ਵੀ ਲਾਗੂ ਕਰਵਾਇਆ ਜਾਵੇਗਾ, ਤਾਂ ਜੋ ਇਸ ਮਾਣ-ਮੱਤੀ ਖੇਡ ਨੂੰ ਸਮੁੱਚੀ ਦੁਨੀਆਂ ਵਿਚ ਮਾਨਤਾ ਦਿਵਾ ਕੇ ਮਕਬੂਲ ਕੀਤਾ ਜਾ ਸਕੇ।
ਪ੍ਰੈੱਸ ਨਾਲ ਖੁਸ਼ੀ ਜ਼ਾਹਿਰ ਕਰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨਿਊਯਾਰਕ (ਅਮਰੀਕਾ) ਨੇ ਦੱਸਿਆ ਕਿ ਉਲੰਪਿਕ ਕਮੇਟੀ ਵਲੋਂ ਲਗਭਗ 86 ਸਾਲ ਬਾਅਦ ਗੱਤਕਾ ਖੇਡ ਨੂੰ ਦੁਬਾਰਾ ਮਾਨਤਾ ਦੇਣਾ ਜਿੱਥੇ ਇਸ ਵਿਰਾਸਤੀ ਖੇਡ ਵਿਚ ਦੁਬਾਰਾ ਜਾਨ ਪਾਵੇਗੀ, ਉੱਥੇ ਹੀ ਇਸ ਖੇਡ ਨਾਲ ਜੁੜੀਆਂ ਫੈਡਰੇਸ਼ਨਾਂ, ਕੋਚਾਂ ਅਤੇ ਖਿਡਾਰੀਆ ਲਈ ਵੀ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ। ਇਸ ਮੌਕੇ ਜਿੱਥੇ ਉਨ੍ਹਾਂ ਵਲੋਂ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਮਾਨਤਾ ਪ੍ਰਾਪਤ ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਆਫ ਇੰਡੀਆ, ਜੋ ਕਿ ਭਾਰਤ ਵਿਚ ਗੱਤਕਾ ਖੇਡ ਦੀ ਤਰੱਕੀ ਲਈ ਪੱਬਾਂ ਭਾਰ ਹੋ ਕੇ ਕੰਮ ਕਰ ਰਹੀ ਹੈ, ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੂੰ ਵਧਾਈ ਵੀ ਦਿੱਤੀ, ਉੱਥੇ ਹੀ ਉਨ੍ਹਾਂ ਵਲੋਂ ਉਲੰਪਿਕ ਐਸੋਸੀਏਸ਼ਨ ਦਾ ਧੰਨਵਾਦ ਵੀ ਕੀਤਾ ਗਿਆ। ਉਨ੍ਹਾਂ ਵਿਰਾਸਤੀ ਖੇਡ ਦੇ ਮਾਣ-ਮੱਤੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੱਸਿਆਂ ਕਿ ਗੱਤਕਾ ਖੇਡ ਸੰਨ 1936 ਵਿਚ ਅਣਵੰਡੇ ਪੰਜਾਬ ਦੀ ਲਾਹੌਰ ਯੂਨੀਵਰਸਿਟੀ (ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਵਿਚ ਬਤੌਰ ਯੂਨੀਵਰਸਟੀ ਦੇ ਖੇਡ ਕੈਲੰਡਰ ਦਾ ਹਿੱਸਾ ਹੋਇਆ ਕਰਦੀ ਸੀ। ਉਸ ਸਮੇਂ ਦੀ ਸਚਿੱਤਰ ਰੂਲ-ਬੁੱਕ (ਇੰਗਲਿਸ਼ ਵਿਚ) ਸ. ਕੇ.ਐੱਸ. ਅਕਾਲੀ, ਖੇਡ ਡਾਇਰੈਕਰਟਰ, ਆਰ.ਐੱਸ.ਡੀ. ਕਾਲਜ, ਫਿਰੋਜਪੁਰ, ਪੰਜਾਬ ਰਾਜ ਵਲੋਂ ਲਿਖੀ ਗਈ ਸੀ, ਜੋ ਕਿ ਉਸ ਸਮੇਂ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਹੋਣ ਵਾਲੇ ਗੱਤਕਾ ਖੇਡ ਦੇ ਮੁਕਾਬਲਿਆਂ ਵਿਚ ਅਧਿਕਾਰਿਤ ਤੌਰ ‘ਤੇ ਵਰਤੀ ਜਾਂਦੀ ਰਹੀ ਹੈ। (ਫੋਟੋ ਨਾਲ ਨੱਥੀ)
ਅੱਗੇ ਦੱਸਦਿਆਂ ਉਨ੍ਹਾਂ ਚਾਨਣਾ ਪਾਇਆ ਕਿ ਵਿਸ਼ਵ ਗੱਤਕਾ ਫੈਡਰੇਸ਼ਨਨ ਵਲੋਂ ਗੱਤਕਾ ਖੇਡ ਨੂੰ ਪ੍ਰਫੁੱਲਿਤ ਅਤੇ ਕੁੱਲ ਦੁਨੀਆਂ ਤੱਕ ਪ੍ਰਚਾਰਨ ਹਿੱਤ ਰੋਡ ਮੈਪ ਉਲੀਕਦਿਆਂ ਇੱਕ ”ਵਿਜਨ ਡਾਕੂਮੈਂਟ-2030” ਵੀ ਤਿਆਰ ਕੀਤਾ ਗਿਆ ਹੈ। ਜਿਸ ਤਹਿਤ ਅਗਲਾ ਟੀਚਾ ਗੱਤਕਾ ਖੇਡ ਨੂੰ ਏਸ਼ੀਆਡ, ਸ਼ੈਫ ਗੇਮਜ਼ ਤੇ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਕਰਾਉਣਾ ਹੈ ਕਿਉਂਕਿ ਗੱਤਕਾ ਖੇਡ ਦੇ ਹਾਣ ਦੀਆਂ ਖੇਡਾਂ ਪਹਿਲਾਂ ਹੀ ਉਪਰੋਕਤ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿਚ ਸ਼ਾਮਲ ਹੋ ਚੁੱਕੀਆਂ ਹਨ। ਉਨ੍ਹਾਂ ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਵੱਖ-ਵੱਖ ਮੁਲਕਾਂ ਦੀਆਂ ਗੱਤਕਾ ਫੈਡਰੇਸ਼ਨਾਂ ਅਤੇ ਮੁੱਖ ਤੌਰ ‘ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਸਮੂਹ ਅਹੁਦੇਦਾਰਾਂ, ਕੋਚਾਂ ਅਤੇ ਖਿਡਾਰੀਆਂ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਉਨ੍ਹਾਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ. ਲਵਪ੍ਰੀਤ ਸਿੰਘ ਅਮਨ (ਇੰਟਰਨੈਸ਼ਨਲ ਰੈਫਰੀ ਕੌਸ਼ਲ ਦੇ ਸੀਨੀਅਰ ਰੈਫਰੀ ਕੈਨੇਡਾ), ਸ. ਕਲਵਿੰਦਰ ਸਿੰਘ ਰਾਏ (ਵਾਇਸ ਪ੍ਰਧਾਨ ਗੱਤਕਾ ਫੈਡਰੇਸ਼ਨ ਯੂ.ਐੱਸ.ਏ ਕੈਲੀਫੋਰਨੀਆ), ਸ. ਗਗਨਦੀਪ ਸਿੰਘ ਬਰੇਲੀ (ਨਿਊਯਾਰਕ), ਸ. ਸੁਜਾਨ ਸਿੰਘ ਤੇ ਸ. ਜਸਕੀਰਤ ਸਿੰਘ, ਸ. ਬਲਜਿੰਦਰ ਸਿੰਘ (ਸਾਰੇ ਸੀਨੀਅਰ ਕ’ੋਚ) ਅਤੇ ਬੀਬਾ ਸਰਬਜੀਤ ਕੌਰ ਵੀ ਹਾਜ਼ਰ ਸਨ।

Leave a comment