#AMERICA

ਕੈਲੀਫੋਰਨੀਆ ਪ੍ਰਾਇਮਰੀ ਚੋਣ 2 ਜੂਨ ਨੂੰ, ਵੋਟਰਾਂ ਲਈ ਅਹਿਮ ਜਾਣਕਾਰੀ ਜਾਰੀ

ਸੈਕਰਾਮੈਂਟੋ, 29 ਮਈ (ਪੰਜਾਬ ਮੇਲ)- ਕੈਲੀਫੋਰਨੀਆ ‘ਚ 2 ਜੂਨ 2026 ਨੂੰ ਹੋਣ ਵਾਲੀ ਪ੍ਰਾਇਮਰੀ ਚੋਣ ਲਈ ਚੋਣ ਅਧਿਕਾਰੀਆਂ ਨੇ ਵੋਟਰਾਂ ਨੂੰ ਮਹੱਤਵਪੂਰਨ ਜਾਣਕਾਰੀ ਜਾਰੀ ਕੀਤੀ ਹੈ। ਅਧਿਕਾਰੀਆਂ ਅਨੁਸਾਰ, ਜਿਹੜੇ ਯੋਗ ਨਾਗਰਿਕ 18 ਮਈ ਦੀ ਵੋਟਰ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਤੋਂ ਖੁੰਝ ਗਏ ਹਨ, ਉਹ ਅਜੇ ਵੀ ”Same-Day ਵੋਟਰ ਰਜਿਸਟ੍ਰੇਸ਼ਨ” ਰਾਹੀਂ ਚੋਣ ਵਾਲੇ ਦਿਨ ਤੱਕ ਰਜਿਸਟਰ ਕਰਕੇ ਆਪਣੀ ਵੋਟ ਦਾ ਹੱਕ ਵਰਤ ਸਕਦੇ ਹਨ।
ਚੋਣ ਵਿਭਾਗ ਮੁਤਾਬਕ, 5 ਮਈ ਤੋਂ ਸੂਬੇ ਭਰ ਵਿਚ ਸੁਰੱਖਿਅਤ ਬੈਲਟ ਡਰਾਪ-ਆਫ਼ ਸਥਾਨ ਖੋਲ੍ਹ ਦਿੱਤੇ ਗਏ ਸਨ। ਵੋਟਰ ਆਪਣੇ ਵੋਟ-ਬਾਈ-ਮੇਲ ਬੈਲਟ ਇਨ੍ਹਾਂ ਡਰਾਪ ਬਾਕਸਾਂ, ਕਾਊਂਟੀ ਚੋਣ ਦਫ਼ਤਰਾਂ ਜਾਂ ਡਾਕ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ।
ਇਸ ਦੇ ਨਾਲ ਹੀ, Vote’s Choice Act ਅਧੀਨ ਆਉਣ ਵਾਲੀਆਂ ਕਾਊਂਟੀਆਂ ‘ਚ 23 ਮਈ ਤੋਂ ਅਗਾਊਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। 30 ਮਈ, ਸ਼ਨੀਵਾਰ ਨੂੰ ਵੀ ਕੈਲੀਫੋਰਨੀਆ ਦੇ ਕਈ ਸਥਾਨਾਂ ‘ਤੇ ਅਗਾਊਂ ਵੋਟਿੰਗ ਕੇਂਦਰ ਖੁੱਲ੍ਹੇ ਰਹਿਣਗੇ, ਤਾਂ ਜੋ ਵੋਟਰ ਚੋਣ ਵਾਲੇ ਦਿਨ ਦੀ ਉਡੀਕ ਕੀਤੇ ਬਿਨਾਂ ਆਪਣੀ ਵੋਟ ਪਾ ਸਕਣ।
ਚੋਣ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ 2 ਜੂਨ ਨੂੰ ਪੋਲਿੰਗ ਸਟੇਸ਼ਨ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਸਮੇਂ ਦੌਰਾਨ ਵੋਟਰ ਆਪਣੇ ਨਿਰਧਾਰਤ ਵੋਟਿੰਗ ਕੇਂਦਰ ‘ਤੇ ਜਾ ਕੇ ਵੋਟ ਪਾ ਸਕਣਗੇ।
ਡਾਕ ਰਾਹੀਂ ਵੋਟ ਪਾਉਣ ਵਾਲਿਆਂ ਲਈ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਾਕ ਰਾਹੀਂ ਵੋਟ ਬੈਲਟ 2 ਜੂਨ ਤੱਕ ਪੋਸਟਮਾਰਕ ਹੋਣਾ ਲਾਜ਼ਮੀ ਹੈ। ਚੋਣ ਵਾਲੇ ਦਿਨ ਡਾਕ ਰਾਹੀਂ ਬੈਲਟ ਭੇਜਣ ਵਾਲੇ ਵੋਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੰਯੁਕਤ ਰਾਜ ਡਾਕ ਘਰ ਦੇ ਅੰਦਰ ਜਾ ਕੇ ਡਾਕ ਕਰਮਚਾਰੀ ਤੋਂ ਹੱਥ ਨਾਲ ਲੱਗੀ ਪੋਸਟਮਾਰਕ (ਹੈਂਡ-ਸਟੈਂਪਡ ਪੋਸਟਮਾਰਕ) ਜ਼ਰੂਰ ਲੈਣ।
ਚੋਣ ਅਧਿਕਾਰੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਲੋਕਤੰਤਰਕ ਪ੍ਰਕਿਰਿਆ ਵਿਚ ਹਿੱਸਾ ਲੈਣ ਅਤੇ ਸਮੇਂ ਸਿਰ ਆਪਣਾ ਬੈਲਟ ਜਮ੍ਹਾਂ ਕਰਵਾਉਣ।