-ਡੋਰਿਸ ਮਾਤਸੁਈ ਨੂੰ ਨੌਜਵਾਨ ਉਮੀਦਵਾਰਾਂ ਵੱਲੋਂ ਚੁਣੌਤੀ
ਸੈਕਰਾਮੈਂਟੋ, 29 ਮਈ (ਪੰਜਾਬ ਮੇਲ)- ਕੈਲੀਫੋਰਨੀਆ ਦੀ 7ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਚੋਣ ਇਸ ਵਾਰ ”ਤਜ਼ਰਬੇ ਬਨਾਮ ਨਵੀਂ ਪੀੜ੍ਹੀ” ਦੇ ਮੁਕਾਬਲੇ ਵਜੋਂ ਉਭਰ ਰਹੀ ਹੈ। 21 ਸਾਲਾਂ ਤੋਂ ਕਾਂਗਰਸ ਵਿਚ ਸੇਵਾ ਨਿਭਾ ਰਹੀ ਮੌਜੂਦਾ ਸੰਸਦ ਮੈਂਬਰ ਡੋਰਿਸ ਮਤਸੂਈ ਨੂੰ ਇਸ ਵਾਰ ਡੈਮੋਕ੍ਰੈਟ ਉਮੀਦਵਾਰ ਮਾਈ ਵਾਂਗ ਅਤੇ ਰਿਪਬਲਿਕਨ ਉਮੀਦਵਾਰ ਜ਼ਕਰੀਆ ਵੂਡਨ ਵੱਲੋਂ ਸਖ਼ਤ ਚੁਣੌਤੀ ਮਿਲ ਰਹੀ ਹੈ।
ਨਵੀਆਂ ਹੱਦਬੰਦੀਆਂ ਤੋਂ ਬਾਅਦ ਇਸ ਡਿਸਟ੍ਰਿਕਟ ਵਿਚ ਸੈਕਰਾਮੈਂਟੋ, ਐਲਕ ਗਰੋਵ, ਲੋਡੀ, ਗਾਲਟ, ਪਲੇਸਰਵਿਲ ਅਤੇ ਐਲ ਡੋਰਾਡੋ ਹਿਲਜ਼ ਵਰਗੇ ਖੇਤਰ ਸ਼ਾਮਲ ਹੋ ਗਏ ਹਨ। 2 ਜੂਨ ਦੀ ਪ੍ਰਾਇਮਰੀ ਵਿਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ ਦੋ ਉਮੀਦਵਾਰ ਨਵੰਬਰ ਦੀ ਆਮ ਚੋਣ ‘ਚ ਪਹੁੰਚਣਗੇ।
ਹਵਾ ਪ੍ਰਦੂਸ਼ਣ ਅਤੇ ਵਾਤਾਵਰਣ ਦੇ ਮੁੱਦੇ ‘ਤੇ ਮਾਈ ਵਾਂਗ ਨੇ ਪਿੱਛੜੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਵੱਧ ਨਿਵੇਸ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੱਖਣੀ ਸੈਕਰਾਮੈਂਟੋ ਵਰਗੇ ਖੇਤਰਾਂ ਵਿਚ ਗਰਮੀ ਅਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਵੱਧ ਹੈ, ਜਿਸ ਲਈ ਵਾਤਾਵਰਣੀ ਅਤੇ ਸਾਫ਼ ਊਰਜਾ ਪ੍ਰਾਜੈਕਟਾਂ ਦੀ ਲੋੜ ਹੈ।
ਰਿਪਬਲਿਕਨ ਉਮੀਦਵਾਰ ਜ਼ਕਰੀਆ ਵੂਡਨ ਨੇ ਸੈਕਰਾਮੈਂਟੋ, ਸੈਨ ਜੈਕੁਇਨ ਅਤੇ ਐਲ ਡੋਰਾਡੋ ਕਾਊਂਟੀਆਂ ਨੂੰ ਜੋੜਨ ਵਾਲੇ ਆਵਾਜਾਈ ਨੈੱਟਵਰਕਾਂ ਅਤੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਨੂੰ ਹਵਾ ਪ੍ਰਦੂਸ਼ਣ ਘਟਾਉਣ ਦਾ ਹੱਲ ਦੱਸਿਆ ਹੈ।
ਦੂਜੇ ਪਾਸੇ ਡੋਰਿਸ ਮਤਸੂਈ ਦਾ ਕਹਿਣਾ ਹੈ ਕਿ ਫੈਡਰਲ ਫੰਡਾਂ ਨੂੰ ਉਨ੍ਹਾਂ ਖੇਤਰਾਂ ਤੱਕ ਪਹੁੰਚਾਉਣਾ ਚਾਹੀਦਾ ਹੈ, ਜਿੱਥੇ ਲੋੜ ਸਭ ਤੋਂ ਵੱਧ ਹੈ। ਉਨ੍ਹਾਂ ਨੇ ਜੰਗਲੀ ਅੱਗਾਂ ਦੀ ਰੋਕਥਾਮ ਅਤੇ ਸਾਫ਼ ਊਰਜਾ ਪ੍ਰਾਜੈਕਟਾਂ ‘ਤੇ ਜ਼ੋਰ ਦਿੱਤਾ।
ਖੁਰਾਕ ਦੀਆਂ ਵਧਦੀਆਂ ਕੀਮਤਾਂ ਦੇ ਮੁੱਦੇ ‘ਤੇ ਵੂਡਨ ਨੇ ਕਿਸਾਨਾਂ ਲਈ ਪਾਣੀ ਅਤੇ ਆਵਾਜਾਈ ਢਾਂਚੇ ‘ਚ ਵੱਧ ਨਿਵੇਸ਼ ਦੀ ਗੱਲ ਕੀਤੀ, ਜਦਕਿ ਮਤਸੂਈ ਅਤੇ ਵਾਂਗ ਦੋਵਾਂ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਸਨੈਪ ਫੂਡ ਸਹਾਇਤਾ ਪ੍ਰੋਗਰਾਮ ਦੀ ਫੰਡਿੰਗ ਬਹਾਲ ਕਰਨ ਦੀ ਵਕਾਲਤ ਕੀਤੀ।
ਚੋਣ ਦਾ ਇੱਕ ਹੋਰ ਵੱਡਾ ਮੁੱਦਾ ਉਮੀਦਵਾਰਾਂ ਦੀ ਉਮਰ ਅਤੇ ਤਜ਼ਰਬਾ ਬਣਿਆ ਹੋਇਆ ਹੈ। 81 ਸਾਲਾ ਡੋਰਿਸ ਮਤਸੂਈ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਨੂੰ ਤਜ਼ਰਬੇਕਾਰ ਲੀਡਰਸ਼ਿਪ ਦੀ ਲੋੜ ਹੈ ਅਤੇ ਵੋਟਰਾਂ ਨੂੰ ਉਨ੍ਹਾਂ ਦੇ ਕੰਮ ਦੇ ਆਧਾਰ ‘ਤੇ ਫੈਸਲਾ ਕਰਨਾ ਚਾਹੀਦਾ ਹੈ, ਨਾ ਕਿ ਉਮਰ ਦੇ ਆਧਾਰ ‘ਤੇ।
41 ਸਾਲਾ ਮਾਈ ਵਾਂਗ ਦਾ ਕਹਿਣਾ ਹੈ ਕਿ ਇਹ ਸਿਰਫ਼ ਪੀੜ੍ਹੀ ਦਾ ਨਹੀਂ, ਸਗੋਂ ਆਰਥਿਕ ਹਕੀਕਤਾਂ ਨੂੰ ਸਮਝਣ ਦਾ ਸਵਾਲ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਕਾਂਗਰਸ ਵਿਚ ਅਜਿਹੇ ਲੋਕ ਹੋਣੇ ਚਾਹੀਦੇ ਹਨ, ਜੋ ਆਮ ਪਰਿਵਾਰਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਣ।
ਉੱਧਰ 25 ਸਾਲਾ ਜ਼ਕਰੀਆ ਵੂਡਨ, ਜੋ ਚੁਣੇ ਜਾਣ ‘ਤੇ ਕੈਲੀਫੋਰਨੀਆ ਦੇ ਸਭ ਤੋਂ ਨੌਜਵਾਨ ਕਾਂਗਰਸ ਮੈਂਬਰ ਬਣ ਸਕਦੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ ਨਹੀਂ, ਸਗੋਂ ਨੌਜਵਾਨਾਂ ਅਤੇ ਮੱਧ ਵਰਗ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਉਨ੍ਹਾਂ ਦੀ ਚੋਣ ਲੜਨ ਦੀ ਪ੍ਰੇਰਣਾ ਹਨ।
ਇਹ ਮੁਕਾਬਲਾ ਹੁਣ ਸੈਕਰਾਮੈਂਟੋ ਖੇਤਰ ਦੀਆਂ ਸਭ ਤੋਂ ਵੱਧ ਚਰਚਿਤ ਚੋਣਾਂ ਵਿਚੋਂ ਇੱਕ ਬਣ ਗਿਆ ਹੈ, ਜਿੱਥੇ ਵੋਟਰ ਤਜ਼ਰਬੇ, ਨਵੀਂ ਸੋਚ ਅਤੇ ਆਰਥਿਕ ਮੁੱਦਿਆਂ ਵਿਚਕਾਰ ਆਪਣੀ ਪਸੰਦ ਦਾ ਫੈਸਲਾ ਕਰਨਗੇ।
ਕੈਲੀਫੋਰਨੀਆ ਦੀ 7ਵੀਂ ਕਾਂਗਰੈਸ਼ਨਲ ਸੀਟ ਲਈ ਦਿਲਚਸਪ ਮੁਕਾਬਲਾ

