ਵਾਸ਼ਿੰਗਟਨ, 27 ਮਈ (ਪੰਜਾਬ ਮੇਲ)-ਅਮਰੀਕਾ ਵਿਚ ਹਜ਼ਾਰਾਂ ਪ੍ਰਵਾਸੀ ਟਰੱਕ ਡਰਾਈਵਰਾਂ ਲਈ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਯੂ.ਐੱਸ. ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਜਾਰੀ ਕੀਤੇ ਨਵੇਂ ਨਿਯਮਾਂ ਕਾਰਨ ਲਗਭਗ 2 ਲੱਖ ਟਰੱਕ ਡਰਾਈਵਰ ਆਪਣੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਗੁਆ ਸਕਦੇ ਹਨ।
ਮਾਰਚ 2026 ਤੋਂ ਲਾਗੂ ਹੋਏ ਇਸ ਨਿਯਮ ਅਨੁਸਾਰ ਹੁਣ ਕੇਵਲ ਕੁਝ ਖਾਸ ਇਮੀਗ੍ਰੇਸ਼ਨ ਵਰਕ ਅਥਰਾਈਜ਼ੇਸ਼ਨ ਵਾਲੇ ਲੋਕ ਹੀ CDL ਲਾਇਸੈਂਸ ਲੈ ਸਕਣਗੇ ਜਾਂ ਰੀਨਿਊ ਕਰਵਾ ਸਕਣਗੇ। ਇਸ ਦੇ ਨਾਲ ਹੀ ਸ਼ਰਨਾਰਥੀਆਂ, ਅਸਾਇਲਮ ਮੰਗਣ ਵਾਲਿਆਂ ਅਤੇ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ (DACA) ਹੇਠ ਰਹਿੰਦੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ।
ਕੈਲੀਫੋਰਨੀਆ ਵਿਚ ਪਿਛਲੇ 12 ਸਾਲਾਂ ਤੋਂ ਟਰੱਕ ਚਲਾ ਰਹੇ ਭਾਰਤੀ ਮੂਲ ਦੇ ਡਰਾਈਵਰ ਸਰਬਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਗਏ, ਤਾਂ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਪਤਨੀ ਕਵਿਤਾ ਪਟੇਲ ਨੇ ਕਿਹਾ ਕਿ ਇਸ ਫੈਸਲੇ ਨਾਲ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਤਬਾਹ ਹੋ ਗਿਆ ਹੈ।
ਅਮਰੀਕੀ ਟਰਾਂਸਪੋਰਟੇਸ਼ਨ ਸੈਕਰਟਰੀ ਸੀਨ ਡਫੀ ਨੇ ਕਿਹਾ ਕਿ ”ਖਤਰਨਾਕ ਵਿਦੇਸ਼ੀ ਡਰਾਈਵਰਾਂ” ਨੂੰ ਲਾਇਸੈਂਸ ਦਿੱਤੇ ਜਾ ਰਹੇ ਸਨ, ਜੋ ਸੜਕ ਸੁਰੱਖਿਆ ਲਈ ਖਤਰਾ ਹਨ। ਪਰ ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਇਸ ਗੱਲ ਦਾ ਕੋਈ ਢੁੱਕਵਾਂ ਡਾਟਾ ਨਹੀਂ ਕਿ ਪ੍ਰਵਾਸੀ ਡਰਾਈਵਰ ਹੋਰਾਂ ਨਾਲੋਂ ਵੱਧ ਹਾਦਸੇ ਕਰਦੇ ਹਨ।
ਮਜ਼ਦੂਰ ਯੂਨੀਅਨ ਏ.ਐੱਫ.ਐੱਲ.-ਸੀ.ਆਈ.ਓ. ਨੇ ਕਾਂਗਰਸ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸਰਕਾਰੀ ਡਾਟਾ ਮੁਤਾਬਕ ਜਿਨ੍ਹਾਂ ਡਰਾਈਵਰਾਂ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਘਾਤਕ ਹਾਦਸਿਆਂ ਵਿਚ ਹੋਰ ਡਰਾਈਵਰਾਂ ਨਾਲੋਂ ਘੱਟ ਸ਼ਾਮਲ ਰਹੇ ਹਨ।
ਕਈ ਟਰੱਕ ਡਰਾਈਵਰਾਂ ਦਾ ਦਾਅਵਾ ਹੈ ਕਿ ਇਹ ਨਿਯਮ ਸੁਰੱਖਿਆ ਨਾਲੋਂ ਵੱਧ ਰਾਜਨੀਤੀ ਅਤੇ ਨਸਲੀ ਭੇਦਭਾਵ ਨਾਲ ਜੁੜਿਆ ਹੋਇਆ ਹੈ। ਕੈਲੀਫੋਰਨੀਆ ਦੇ ਟਰੱਕ ਡਰਾਈਵਰ ਇਗਨਾਸੀਓ ਰੋਮੇਰੋ ਨੇ ਕਿਹਾ ਕਿ ਵਿਦੇਸ਼ੀ ਅਤੇ ਰੰਗਭੇਦ ਦਾ ਸ਼ਿਕਾਰ ਡਰਾਈਵਰਾਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਟਰੰਪ ਪ੍ਰਸ਼ਾਸਨ ਵੱਲੋਂ ਕਮਰਸ਼ੀਅਲ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਸ਼ਰਤ ਅਤੇ ਇਮੀਗ੍ਰੇਸ਼ਨ ਸਖ਼ਤੀ ਨੂੰ ਲੈ ਕੇ ਨਵੀਂ ਰਾਜਨੀਤਿਕ ਚਰਚਾ ਵੀ ਸ਼ੁਰੂ ਹੋ ਗਈ ਹੈ।
********************************************

