ਫਰਿਜ਼ਨੋ, 27 ਮਈ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਦੇ ਗੁਰਦੁਆਰਾ ”ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਆਗੂ ਜੱਸਾ ਸਿੰਘ ਰਾਮਗੜੀਆਂ ਦੀ 303 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ। ਜਿੱਥੇ ਪਾਠ ਦੇ ਭੋਗ ਉਪਰੰਤ ਹਫਤਾਵਾਰੀ ਧਾਰਮਿਕ ਦੀਵਾਨ ਸਜਾਏ ਗਏ। ਜਿਨ੍ਹਾਂ ਦੀ ਸੁਰੂਆਤ ਗੁਰੂਘਰ ਅੰਦਰ ਚਲਾਏ ਜਾ ਰਹੇ ਪੰਜਾਬੀ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਨ ਨਾਲ ਕੀਤੀ। ਇਸ ਉਪਰੰਤ ਗੁਰਬਾਣੀ ਕੀਰਤਨ ਜੱਥੇ ਨੇ ਕੀਰਤਨ ਰਾਹੀਂ ਹਾਜ਼ਰੀ ਲਾਉਂਦੇ ਹੋਏ ਗੁਰਬਾਣੀ ਸਰਵਨ ਕਰਵਾਈ ਅਤੇ ਕਥਾ ਵਿਚਾਰਾਂ ਹੋਈਆਂ। ਉਪਰੰਤ ਗੁਰੂ ਘਰ ਵਿਖੇ ਹਾਜ਼ਰ ਢਾਡੀ ਜੱਥੇ ਨੇ ਜੋਸ਼ੀਲੀਆਂ ਵਾਰਾ ਸੁਣਾਉਂਦੇ ਹੋਏ ਸਿੱਖ ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜੀਆਂ ਦੇ ਜੀਵਨ ਅਤੇ ਇਤਿਹਾਸ ਨੂੰ ਸਾਂਝਾ ਕੀਤਾ। ਸਟੇਜ ਸਕੱਤਰ ਨੇ ਸੇਵਾ ਨਿਭਾਉਂਦੇ ਹੋਏ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆਂ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਜਿੱਥੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆਂ ਦੀ ਸਿੱਖ ਕੌਮ ਨੂੰ ਬਹਾਦਰ ਬਣਾਉਣ ਦੀ ਗੱਲ ਕੀਤੀ, ਉੱਥੇ ਸਮੂਹ ਪ੍ਰਬੰਧਕਾਂ ਅਤੇ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸ. ਰੇਸ਼ਮ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮੁੱਚੇ ਪ੍ਰੋਗਰਾਮ ਦੀ ਸੇਵਾ ਸਮੂਹ ਟਰੱਕਰਜ਼ ਅਤੇ ਸਹਿਯੋਗੀ ਸੰਗਤਾਂ ਵੱਲੋਂ ਰਲ-ਮਿਲ ਕੇ ਨਿਭਾਈ ਗਈ, ਜਿਸ ਲਈ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਹਿਯੋਗੀ ਸੰਗਤਾਂ ਦਾ ਧੰਨਵਾਦ ਕਰਦੇ ਹਨ। ਸਮੁੱਚੇ ਪ੍ਰੋਗਰਾਮ ਦੌਰਾਨ ਗੁਰਬਾਣੀ ਪ੍ਰਵਾਹ ਅਤੇ ਗੁਰੂ ਦੇ ਲੰਗਰ ਅਤੁੱਟ ਵਰਤੇ। ਅਗਲੇ ਸਾਲ ਤੋਂ ਫਿਰ ਇਸ ਮਹਾਨ ਸ਼ਖਸੀਅਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਬਰਸੀ ਰਲ-ਮਿਲ ਮਨਾਉਣ ਦਾ ਵਾਅਦਾ ਕਰਦੇ ਹੋਏ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।
ਫਰਿਜ਼ਨੋ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 303 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ

