#AMERICA

ਅਮਰੀਕਾ ਵੱਲੋਂ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਗ੍ਰੀਨ ਕਾਰਡ ਹੋਲਡਰਾਂ ‘ਤੇ ਅਸਥਾਈ ਪਾਬੰਦੀ

ਵਾਸ਼ਿੰਗਟਨ, 27 ਮਈ (ਪੰਜਾਬ ਮੇਲ)- ਅਮਰੀਕਾ ਨੇ ਡੈਮਕ੍ਰੈਟਿਕ ਰਿਪਬਲਿਕ ਆਫ ਦ ਕਾਂਗੋ, ਯੂਗਾਂਡਾ ਅਤੇ ਦੱਖਣੀ ਸੂਡਾਨ ਤੋਂ ਆਉਣ ਵਾਲੇ ਗ੍ਰੀਨ ਕਾਰਡ ਹੋਲਡਰਾਂ ਦੀ ਐਂਟਰੀ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਇਬੋਲਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਿਆ ਗਿਆ ਹੈ।
ਨਵੇਂ ਹੁਕਮਾਂ ਮੁਤਾਬਕ ਜੇ ਕੋਈ ਗ੍ਰੀਨ ਕਾਰਡ ਹੋਲਡਰ ਪਿਛਲੇ 21 ਦਿਨਾਂ ਵਿਚ ਇਨ੍ਹਾਂ ਅਫਰੀਕੀ ਦੇਸ਼ਾਂ ਵਿਚ ਗਿਆ ਹੋਵੇ, ਤਾਂ ਉਸਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਮਿਲੇਗੀ। ਇਹ ਪਾਬੰਦੀ ਸ਼ੁਰੂਆਤੀ ਤੌਰ ‘ਤੇ 30 ਦਿਨਾਂ ਲਈ ਲਾਗੂ ਕੀਤੀ ਗਈ ਹੈ।
ਯੂ.ਐੱਸ. ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਅਤੇ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਨਸ਼ਨ ਨੇ ਕਿਹਾ ਕਿ ਜਨਤਕ ਸਿਹਤ ਦੀ ਸੁਰੱਖਿਆ ਲਈ ਇਹ ਕਦਮ ਲਾਜ਼ਮੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰੀਨ ਕਾਰਡ ਹੋਲਡਰਾਂ ਦੇ ਆਪਣੇ ਮੂਲ ਦੇਸ਼ਾਂ ਨਾਲ ਵੱਧ ਸੰਪਰਕ ਹੋ ਸਕਦੇ ਹਨ, ਜਿਸ ਕਾਰਨ ਖਤਰਾ ਵੱਧ ਜਾਂਦਾ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਸਰਕਾਰ ਦੀ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਇਬੋਲਾ ਅਮਰੀਕਾ ਤੱਕ ਨਾ ਪਹੁੰਚੇ।
ਸੀ.ਡੀ.ਸੀ. ਨੇ ਇਹ ਵੀ ਐਲਾਨ ਕੀਤਾ ਹੈ ਕਿ ਇਬੋਲਾ ਸਕ੍ਰੀਨਿੰਗ ਹੁਣ ਹਾਰਟਸਫੀਲਡ-ਜੈਕਸਨ ਅਟਲਾਂਟਾ ਇੰਟਰਨੈਸ਼ਨਲ ਏਅਰਪੋਰਟ ਵਿਚ ਵੀ ਵਧਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਸਕ੍ਰੀਨਿੰਗ ਵਾਸ਼ਿੰਗਟਨ ਡਲਸ ਇੰਟਰਨੈਸ਼ਨਲ ਏਅਰਪੋਰਟ ‘ਤੇ ਕੀਤੀ ਜਾ ਰਹੀ ਸੀ।
ਡਬਲਯੂ.ਐੱਚ.ਓ. ਨੇ ਕਾਂਗੋ ਵਿਚ ਫੈਲ ਰਹੇ ਇਬੋਲਾ ਨੂੰ ”ਬਹੁਤ ਉੱਚ ਖਤਰਾ” ਕਰਾਰ ਦਿੱਤਾ ਹੈ। ਡਬਲਯੂ.ਐੱਚ.ਓ. ਮੁਤਾਬਕ ਕਾਂਗੋ  ਵਿਚ ਹੁਣ ਤੱਕ 82 ਕੇਸ ਪੁਸ਼ਟੀ ਹੋ ਚੁੱਕੇ ਹਨ, ਜਦਕਿ ਸੈਂਕੜਿਆਂ ਸ਼ੱਕੀ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ।
ਇਸ ਦੌਰਾਨ ਅਫਰੀਕਾ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਨਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਘੱਟੋ-ਘੱਟ 10 ਅਫਰੀਕੀ ਦੇਸ਼ ਇਬੋਲਾ ਦੇ ਖਤਰੇ ਹੇਠ ਹਨ। ਇਨ੍ਹਾਂ ਵਿਚ ਅੰਗੋਲਾ, ਬੁਰੂੰਡੀ, ਕੀਨੀਆ, ਰਵਾਂਡਾ ਅਤੇ ਤਨਜ਼ਾਨੀਆ ਵਰਗੇ ਦੇਸ਼ ਵੀ ਸ਼ਾਮਲ ਹਨ।
ਕਾਂਗੋ ਦੇ ਪ੍ਰਭਾਵਿਤ ਇਲਾਕਿਆਂ ਵਿਚ ਹਾਲਾਤ ਹੋਰ ਤਣਾਅ ਭਰੇ ਬਣ ਰਹੇ ਹਨ। ਰਿਪੋਰਟਾਂ ਮੁਤਾਬਕ ਕੁਝ ਸਥਾਨਕ ਲੋਕਾਂ ਨੇ ਇਬੋਲਾ ਇਲਾਜ ਕੇਂਦਰਾਂ ‘ਤੇ ਹਮਲੇ ਕਰਕੇ ਹਿੱਸੇ ਸਾੜ ਦਿੱਤੇ ਅਤੇ ਕੁਝ ਸ਼ੱਕੀ ਮਰੀਜ਼ ਉੱਥੋਂ ਭੱਜ ਗਏ। ਅਧਿਕਾਰੀਆਂ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅੰਤਿਮ ਸੰਸਕਾਰਾਂ ਅਤੇ ਵੱਡੀਆਂ ਇਕੱਠਾਂ ‘ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਹਨ।