#AMERICA

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਦੇਣ ਸਬੰਧੀ ਫਲੋਰੀਡਾ ਦਾ ਮੁਕੱਦਮਾ ਖਾਰਜ

ਵਾਸ਼ਿੰਗਟਨ, 27 ਮਈ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਨੇ ਫਲੋਰੀਡਾ ਵੱਲੋਂ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜਾਂ ਖ਼ਿਲਾਫ਼ ਦਾਇਰ ਕੀਤਾ ਗਿਆ ਉਹ ਮੁਕੱਦਮਾ ਖਾਰਜ ਕਰ ਦਿੱਤਾ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਇਹ ਰਾਜ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਏ ਲੋਕਾਂ ਨੂੰ ਕਮਰਸ਼ੀਅਲ ਟਰੱਕ ਡਰਾਈਵਿੰਗ ਲਾਇਸੈਂਸ ਜਾਰੀ ਕਰ ਰਹੇ ਹਨ।
ਇਹ ਮਾਮਲਾ ਪਿਛਲੇ ਸਾਲ ਫਲੋਰੀਡਾ ਵਿਚ ਵਾਪਰੇ ਇੱਕ ਭਿਆਨਕ ਹਾਦਸੇ ਤੋਂ ਬਾਅਦ ਚਰਚਾ ਵਿਚ ਆਇਆ ਸੀ। ਇਸ ਹਾਦਸੇ ਵਿਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਗੱਡੀ ਸ਼ਾਮਲ ਸੀ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਫਲੋਰੀਡਾ ਸਰਕਾਰ ਦਾ ਦਾਅਵਾ ਹੈ ਕਿ ਹਰਜਿੰਦਰ ਸਿੰਘ ਕੋਲ ਅਮਰੀਕਾ ਵਿਚ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਨਹੀਂ ਸੀ, ਫਿਰ ਵੀ ਉਸ ਨੂੰ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਵੱਲੋਂ ਕਮਰਸ਼ੀਅਲ ਲਾਇਸੈਂਸ ਜਾਰੀ ਕੀਤਾ ਗਿਆ।
ਫਲੋਰੀਡਾ ਦੇ ਅਟਾਰਨੀ ਜਨਰਲ ਜੇਮਜ਼ ਉਥਮੀਅਰ ਨੇ ਇਹ ਕੇਸ ਸਿੱਧਾ ਸੁਪਰੀਮ ਕੋਰਟ ਵਿਚ ਦਾਇਰ ਕੀਤਾ ਸੀ। ਮੁਕੱਦਮੇ ਵਿਚ ਦਲੀਲ ਦਿੱਤੀ ਗਈ ਸੀ ਕਿ ਡੈਮੋਕ੍ਰੈਟਿਕ ਰਾਜ ਫੈਡਰਲ ਇਮੀਗ੍ਰੇਸ਼ਨ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਨਾਲ ਅਜਿਹੇ ਲੋਕ ਟਰੱਕ ਚਲਾ ਰਹੇ ਹਨ, ਜਿਨ੍ਹਾਂ ਕੋਲ ਢੰਗ ਦੀ ਟ੍ਰੇਨਿੰਗ ਜਾਂ ਅੰਗਰੇਜ਼ੀ ਵਿਚ ਸੜਕ ਚਿੰਨ੍ਹਾਂ ਨੂੰ ਪੜ੍ਹਨ ਦੀ ਸਮਰੱਥਾ ਨਹੀਂ।
ਹਾਲਾਂਕਿ ਸੁਪਰੀਮ ਕੋਰਟ ਨੇ ਬਿਨਾਂ ਕੋਈ ਵਿਸਥਾਰਕ ਟਿੱਪਣੀ ਕੀਤੇ ਫਲੋਰੀਡਾ ਦੀ ਅਪੀਲ ਰੱਦ ਕਰ ਦਿੱਤੀ। ਪਰ ਕੰਜ਼ਰਵੇਟਿਵ ਜੱਜ ਕਲੇਰੈਂਸ ਥਾਮਸ ਨੇ ਵੱਖਰੀ ਰਾਏ ਦਿੰਦਿਆਂ ਕਿਹਾ ਕਿ ਕੋਰਟ ਨੂੰ ਇਹ ਕੇਸ ਸੁਣਨਾ ਚਾਹੀਦਾ ਸੀ। ਉਨ੍ਹਾਂ ਦੇ ਨਾਲ ਜਸਟਿਸ ਸੈਮੂਅਲ ਅਲੀਟੋ ਵੀ ਸਹਿਮਤ ਨਜ਼ਰ ਆਏ।
ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੇ ਵਕੀਲਾਂ ਨੇ ਇਸ ਮਾਮਲੇ ਨੂੰ ”ਰਾਜਨੀਤਿਕ ਸਟੰਟ” ਕਰਾਰ ਦਿੱਤਾ। ਵਾਸ਼ਿੰਗਟਨ ਦੇ ਅਟਾਰਨੀ ਜਨਰਲ ਨਿਕੋਲਸ ਬ੍ਰਾਊਨ ਨੇ ਕਿਹਾ ਕਿ ਫਲੋਰੀਡਾ ਕੋਲ ਇਸ ਮਾਮਲੇ ਲਈ ਕੋਈ ਮਜ਼ਬੂਤ ਕਾਨੂੰਨੀ ਅਧਾਰ ਨਹੀਂ ਸੀ।
ਇਸ ਹਾਦਸੇ ਤੋਂ ਬਾਅਦ ਗੈਰਕਾਨੂੰਨੀ ਇਮੀਗ੍ਰੇਸ਼ਨ ਅਤੇ ਕਮਰਸ਼ੀਅਲ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਲਾਜ਼ਮੀ ਸ਼ਰਤ ਨੂੰ ਲੈ ਕੇ ਅਮਰੀਕਾ ਵਿਚ ਨਵੀਂ ਰਾਜਨੀਤਿਕ ਚਰਚਾ ਸ਼ੁਰੂ ਹੋ ਗਈ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਨਿਊ ਮੈਕਸਿਕੋ ਨੂੰ ਚੇਤਾਵਨੀ ਦੇ ਚੁੱਕਾ ਹੈ ਕਿ ਜੇ ਉਹ ਕਮਰਸ਼ੀਅਲ ਡਰਾਈਵਰਾਂ ਲਈ ਅੰਗਰੇਜ਼ੀ ਦੀ ਸ਼ਰਤ ਲਾਗੂ ਨਹੀਂ ਕਰਦੇ, ਤਾਂ ਫੈਡਰਲ ਫੰਡ ਰੋਕੇ ਜਾ ਸਕਦੇ ਹਨ।