ਅੰਮ੍ਰਿਤਸਰ, 19 ਮਈ (ਪੰਜਾਬ ਮੇਲ)- ਏਅਰ ਇੰਡੀਆ ਐਕਸਪ੍ਰੈੱਸ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚਕਾਰ ਆਪਣੀਆਂ ਸਿੱਧੀਆਂ ਉਡਾਣਾਂ ਮੁੜ ਬਹਾਲ ਕਰ ਦਿੱਤੀਆਂ ਹਨ। ਐਵੀਏਸ਼ਨ ਕੰਪਨੀ ਨੇ 16 ਮਈ ਤੋਂ ਅੰਮ੍ਰਿਤਸਰ-ਦੁਬਈ ਦੀ ਰੋਜ਼ਾਨਾ ਉਡਾਣ ਅਧਿਕਾਰਤ ਤੌਰ ‘ਤੇ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ‘ਤੇ ਬੁਕਿੰਗ ਦੀ ਉਪਲਬਧਤਾ ਅਨੁਸਾਰ ਇੰਡੀਗੋ ਏਅਰਲਾਈਨਜ਼ ਵੀ 20 ਮਈ ਤੋਂ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਆਪਣੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਏਅਰ ਇੰਡੀਆ ਐਕਸਪ੍ਰੈਸ ਦੀ ਰੋਜ਼ਾਨਾ ਉਡਾਣ ਅੰਮ੍ਰਿਤਸਰ ਤੋਂ ਸਵੇਰੇ 2:20 ਵਜੇ ਰਵਾਨਾ ਹੁੰਦੀ ਹੈ ਅਤੇ ਸਵੇਰੇ 4:55 ਵਜੇ ਦੁਬਈ ਪਹੁੰਚਦੀ ਹੈ, ਜਦੋਂ ਕਿ ਵਾਪਸੀ ਦੀ ਉਡਾਣ ਦੁਬਈ ਤੋਂ ਸਵੇਰੇ 5:55 ਵਜੇ ਚੱਲ ਕੇ ਸਵੇਰੇ 11:40 ਵਜੇ ਅੰਮ੍ਰਿਤਸਰ ਉਤਰਦੀ ਹੈ। ਸ਼ਾਰਜਾਹ ਲਈ ਇੰਡੀਗੋ ਦੀ ਉਡਾਣ ਦੁਪਹਿਰ 12:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਦੁਪਹਿਰ 2:40 ਵਜੇ ਪਹੁੰਚੇਗੀ, ਜਦੋਂ ਕਿ ਏਅਰ ਇੰਡੀਆ ਐਕਸਪ੍ਰੈੱਸ ਦੁਪਹਿਰ 1:15 ਵਜੇ ਚੱਲ ਕੇ ਸ਼ਾਮ 4:05 ਵਜੇ ਸ਼ਾਰਜਾਹ ਪਹੁੰਚਦੀ ਹੈ। ਸ਼ਾਰਜਾਹ ਤੋਂ ਵਾਪਸੀ ਦੀਆਂ ਦੋਵੇਂ ਉਡਾਣਾਂ ਸ਼ਾਮ 5:05 ਵਜੇ ਰਵਾਨਾ ਹੁੰਦੀਆਂ ਹਨ ਅਤੇ ਕ੍ਰਮਵਾਰ ਰਾਤ 10:45 ਅਤੇ 10:30 ਵਜੇ ਅੰਮ੍ਰਿਤਸਰ ਪਹੁੰਚਦੀਆਂ ਹਨ।
ਇਲਾਕਾ ਨਿਵਾਸੀਆਂ ਅਤੇ ਹਵਾਈ ਸੇਵਾਵਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਨੇ ਅੰਮ੍ਰਿਤਸਰ ਅਤੇ ਯੂ.ਏ.ਈ. ਵਿਚਕਾਰ ਸਿੱਧੀਆਂ ਉਡਾਣਾਂ ਦੀ ਹੌਲੀ-ਹੌਲੀ ਬਹਾਲੀ ਦਾ ਸਵਾਗਤ ਕੀਤਾ ਹੈ। ਪਿਛਲੇ ਦਿਨੀਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧੇ ਤਣਾਅ ਅਤੇ ਮੱਧ ਪੂਰਬ ‘ਚ ਏਅਰਸਪੇਸ ਦੇ ਅਸਥਾਈ ਤੌਰ ‘ਤੇ ਬੰਦ ਹੋਣ ਕਾਰਨ ਇਨ੍ਹਾਂ ਉਡਾਣਾਂ ਵਿਚ ਵਿਘਨ ਪਿਆ ਸੀ। ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਖੇਤਰੀ ਹਵਾਈ ਖੇਤਰ ਦੇ ਸਥਿਰ ਹੋਣ ਨਾਲ ਅੰਤਰਰਾਸ਼ਟਰੀ ਏਅਰਲਾਈਨਾਂ ਆਪਣੇ ਆਮ ਸ਼ਡਿਊਲ ਨੂੰ ਮੁੜ ਲਾਗੂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਯਾਤਰੀਆਂ, ਪ੍ਰਵਾਸੀ ਭਾਰਤੀਆਂ, ਮਜ਼ਦੂਰਾਂ ਅਤੇ ਸੈਲਾਨੀਆਂ ਲਈ ਇੱਕ ਬਹੁਤ ਹੀ ਅਹਿਮ ਰੂਟ ਹੈ ਅਤੇ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀ ਸਥਿਰਤਾ ਦੀ ਉਮੀਦ ਕਰਦੇ ਹਨ।
ਅੰਮ੍ਰਿਤਸਰ ਤੋਂ ਦੁਬਈ ਲਈ ਹਵਾਈ ਉਡਾਣਾਂ ਮੁੜ ਸ਼ੁਰੂ

