#AUSTRALIA

ਆਸਟਰੇਲੀਆ ਵੱਲੋਂ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ‘ਚ ਸਖਤੀ; ਨਵੇਂ ਕੋਰਸਾਂ ਅਤੇ ਦਾਖ਼ਲਿਆਂ ‘ਤੇ ਪਾਬੰਦੀ

ਮੈਲਬਰਨ, 20 ਮਈ (ਪੰਜਾਬ ਮੇਲ)- ਆਸਟਰੇਲੀਆ ਸਰਕਾਰ ਨੇ ਦੇਸ਼ ਦੇ ਸਿੱਖਿਆ ਢਾਂਚੇ ਨੂੰ ਸਾਫ਼-ਸੁਥਰਾ ਬਣਾਉਣ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਨਿੱਜੀ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਕਾਲਜਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਅਤੇ ਸਖ਼ਤ ਨਿਯਮਾਂ ਤਹਿਤ ਕਈ ਨਵੇਂ ਨਿੱਜੀ ਕਾਲਜਾਂ ਅਤੇ ਅੰਗਰੇਜ਼ੀ ਭਾਸ਼ਾ ਸੰਸਥਾਵਾਂ ਦੇ ਅਗਲੇ 12 ਮਹੀਨਿਆਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਕਰਨ ਅਤੇ ਨਵੇਂ ਕੋਰਸ ਸ਼ੁਰੂ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਸਰਕਾਰ ਦਾ ਇਹ ਵੱਡਾ ਕਦਮ ਫ਼ਰਜ਼ੀ ਕਾਲਜਾਂ, ਵੀਜ਼ਾ ਨਿਯਮਾਂ ਦੀ ਉਲੰਘਣਾ ਅਤੇ ਘੱਟ ਮਿਆਰੀ ਸਿੱਖਿਆ ਸੰਸਥਾਵਾਂ ‘ਤੇ ਸਖਤੀ ਲਈ ਚੁੱਕਿਆ ਗਿਆ ਹੈ। ਸਰਕਾਰ ਦੇ ਇਸ ਅਹਿਮ ਫੈਸਲੇ ਤੋਂ ਬਾਅਦ ਹੁਣ ਆਸਟ੍ਰੇਲੀਅਨ ਸਕਿੱਲਜ਼ ਕੁਆਲਿਟੀ ਅਥਾਰਟੀ ਪੂਰੀ ਤਰ੍ਹਾਂ ਹਰਕਤ ਵਿਚ ਆ ਗਈ ਹੈ ਅਤੇ ਇਸ ਵੇਲੇ ਚੱਲ ਰਹੇ ਨਿੱਜੀ ਕਾਲਜਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਇਸ ਵਿਸ਼ੇਸ਼ ਪੜਤਾਲ ਤਹਿਤ ਵਿਦਿਆਰਥੀਆਂ ਦੀ ਹਾਜ਼ਰੀ, ਅਸਲ ਦਾਖਲੇ, ਪੜ੍ਹਾਈ ਦੇ ਮਿਆਰ, ਸਿੱਖਿਆ ਏਜੰਟਾਂ ਦੇ ਕੰਮਕਾਜ ਅਤੇ ਕਾਲਜਾਂ ਦੇ ਵਿੱਤੀ ਰਿਕਾਰਡ ਦੀ ਸਖ਼ਤ ਆਡਿਟਿੰਗ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜਾਂ ਮਾਪਦੰਡਾਂ ‘ਤੇ ਖ਼ਰੇ ਨਾ ਉਤਰਨ ਵਾਲੇ ਕਾਲਜਾਂ ਦੀ ਮਨਜ਼ੂਰੀ ਤੁਰੰਤ ਰੱਦ ਹੋ ਸਕਦੀ ਹੈ ਅਤੇ ਉਨ੍ਹਾਂ ਦੇ ਵਿਦੇਸ਼ੀ ਵਿਦਿਆਰਥੀ ਬੁਲਾਉਣ ‘ਤੇ ਵੀ ਰੋਕ ਲਗਾਈ ਜਾ ਸਕਦੀ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਨਾ ਸਿਰਫ਼ ਕਾਲਜਾਂ, ਸਗੋਂ ਵਿਦਿਆਰਥੀਆਂ ਲਈ ਵੀ ਵੀਜ਼ਾ ਨਿਯਮਾਂ ਨੂੰ ਬੇਹੱਦ ਸਖ਼ਤ ਕਰ ਦਿੱਤਾ ਹੈ। ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਆਉਣ ਲਈ ਪਹਿਲਾਂ ਨਾਲੋਂ ਵਧੇਰੇ ਵਿੱਤੀ ਸਬੂਤ ਅਤੇ ਬੈਂਕ ਫੰਡ ਦਿਖਾਉਣੇ ਪੈਣਗੇ। ਵੀਜ਼ਾ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ ਕਿ ਬਿਨੈਕਾਰ ਸੱਚਮੁੱਚ ਪੜ੍ਹਨ ਆ ਰਿਹਾ ਹੈ ਜਾਂ ਉਸਦਾ ਮਕਸਦ ਸਿਰਫ਼ ਕੰਮ ਕਰਨਾ ਹੈ। ਇਸ ਤੋਂ ਇਲਾਵਾ ਸੈਲਾਨੀ ਵੀਜ਼ੇ ‘ਤੇ ਆ ਕੇ ਉਸ ਨੂੰ ਪੜ੍ਹਾਈ ਵਾਲੇ ਵੀਜ਼ੇ ਵਿਚ ਬਦਲਣ ਵਾਲਿਆਂ ਅਤੇ ਵਾਰ-ਵਾਰ ਕੋਰਸ ਬਦਲਣ ਵਾਲੇ ਵਿਦਿਆਰਥੀਆਂ ‘ਤੇ ਵੀ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ।
ਸਿੱਖਿਆ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਆਸਟਰੇਲੀਆ ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਕਾਲਜਾਂ ਅਤੇ ਨਾਮਵਰ ਯੂਨੀਵਰਸਿਟੀਆਂ ਵੱਲ ਆਉਣਾ ਹੀ ਬਹੁਤ ਕੌਮਾਂਤਰੀ ਵਿਦਿਆਰਥੀਆਂ ਦੀ ਚੋਣ ਰਹਿ ਜਾਵੇਗਾ ਅਤੇ ਨਿੱਜੀ ਕਾਲਜਾਂ ਲਈ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣਾ ਇੱਕ ਵੱਡੀ ਚੁਣੌਤੀ ਬਣ ਜਾਵੇਗਾ, ਅਤੇ ਆਉਣ ਵਾਲੇ ਸਮੇਂ ਵਿਚ ਵੀਜ਼ਾ ਮਨਜ਼ੂਰੀਆਂ ਦੀ ਦਰ ‘ਤੇ ਵੀ ਇਸਦਾ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ।