ਲੁਧਿਆਣਾ, 20 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਮਨਪ੍ਰੀਤ ਇਆਲੀ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦਾ ਐਲਾਨ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵੀਡੀਓ ਸਮੇਤ ਪੋਸਟ ਪਾਉਂਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਹੁਕਮਨਾਮਾ ਸਾਹਿਬ ਅਨੁਸਾਰ ਨੈਤਿਕ ਅਧਿਕਾਰ ਗਵਾਉਣ ਵਾਲੀ ਲੀਡਰਸ਼ਿਪ ਦਾ ਪਿੱਛੇ ਨਾ ਹੋਣਾ ਅਤੇ ਪੰਥਕ ਏਕਤਾ ਟੁੱਟਣ ਦੇ ਕਾਰਨਾਂ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਅਤੇ ਤਾਲਮੇਲ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਉਨ੍ਹਾਂ ਸਾਫ ਕਿਹਾ ਕਿ ਭਵਿੱਖ ਵਿਚ ਮੈਂ ਕਦੇ ਵੀ ਭਾਜਪਾ, ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਾਂਗਾ। ਪੰਥ, ਪੰਜਾਬ, ਪੰਜਾਬੀਅਤ ਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਧਿਰ ਨਾਲ ਮਿਲ ਕੇ ਕੰਮ ਕਰਾਂਗਾ।
ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਬਾਦਲ ਦੀ ਟਿਕਟ ‘ਤੇ ਚੋਣ ਜਿੱਤ ਕੇ ਵਿਧਾਇਕ ਬਣਨ ਵਾਲੇ ਮਨਪ੍ਰੀਤ ਇਆਲੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਰਾਜਨੀਤੀ ਨਾਲ ਜੁੜੇ ਰਹੇ ਹਨ ਅਤੇ ਪਾਰਟੀ ਦੇ ਅੰਦਰ ਇਕ ਮਜ਼ਬੂਤ ਚਿਹਰੇ ਵਜੋਂ ਵਿਚਰੇ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੀਆਂ ਨੀਤੀਆਂ ਅਤੇ ਅੰਦਰੂਨੀ ਮਸਲਿਆਂ ਨੂੰ ਲੈ ਕੇ ਉਨ੍ਹਾਂ ਦੀ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਉਨ੍ਹਾਂ ਨੇ ਵੱਡੇ ਫ਼ੈਸਲਾ ਲੈਂਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਮਨਪ੍ਰੀਤ ਇਆਲੀ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ‘ਚੋਂ ਅਸਤੀਫ਼ਾ

