ਸੈਕਰਾਮੈਂਟੋ, 6 ਮਈ (ਪੰਜਾਬ ਮੇਲ)- ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਵੱਲੋਂ ਸਾਬਕਾ ਪ੍ਰਧਾਨ ਜੋਨ ਫਿਸ਼ ਦੇ ਆਦਰ-ਸਨਮਾਨ ‘ਚ ਇੱਕ ਅਹਿਮ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸੰਸਥਾ ਦੇ ਨਵੇਂ ਅਤੇ ਪੁਰਾਣੇ ਮੈਂਬਰਾਂ ਸਮੇਤ ਵੱਖ-ਵੱਖ ਧਰਮਾਂ ਨਾਲ ਸਬੰਧਤ ਆਗੂਆਂ ਅਤੇ ਭਾਈਚਾਰਕ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਹਾਜ਼ਰ ਮੈਂਬਰਾਂ ਨੇ ਜੋਨ ਫਿਸ਼ ਵੱਲੋਂ ਸੰਸਥਾ ਅਤੇ ਸਮੁੱਚੇ ਭਾਈਚਾਰੇ ਲਈ ਪਾਏ ਵਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਵਿਚ ਦੁਨੀਆਂ ਭਰ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਮੈਂਬਰ ਸ਼ਾਮਲ ਹਨ। ਸਿੱਖ ਭਾਈਚਾਰੇ ਵੱਲੋਂ ਸੰਸਥਾ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਅਤੇ ਦਰਸ਼ਨ ਸਿੰਘ ਮੁੰਡੀ ਵੀ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਦੌਰਾਨ ਸੰਸਥਾ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਵੀ ਜੋਨ ਫਿਸ਼ ਵੱਲੋਂ ਕੀਤੇ ਗਏ ਮਹੱਤਵਪੂਰਨ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਸਮਾਜ ਲਈ ਇੱਕ ਆਈਕਨ ਵਜੋਂ ਉਭਰਦੀਆਂ ਹਨ ਅਤੇ ਉਨ੍ਹਾਂ ਦੀ ਸੋਚ, ਸਮਰਪਣ ਅਤੇ ਸੇਵਾ ਭਾਵਨਾ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਨੂੰ ਇਕੱਠਾ ਕਰਕੇ ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਦੇਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਇਸ ਮੌਕੇ ਵੱਖ-ਵੱਖ ਮੈਂਬਰਾਂ ਨੇ ਕਿਹਾ ਕਿ ਜੋਨ ਫਿਸ਼ ਨੇ ਆਪਣੇ ਕਾਰਜਕਾਲ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕ ਮੰਚ ‘ਤੇ ਲਿਆਉਣ, ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਸਮਾਜ ਵਿਚ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਸੇਵਾ ਅਤੇ ਸਮਰਪਣ ਨੂੰ ਯਾਦ ਕਰਦਿਆਂ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਅਜਿਹੇ ਆਗੂ ਸਮਾਜ ਲਈ ਪ੍ਰੇਰਣਾ ਸਰੂਪ ਹੁੰਦੇ ਹਨ।
ਸੌ ਸਾਲ ਤੋਂ ਵੀ ਵੱਧ ਪੁਰਾਣੀ ਇਹ ਸੰਸਥਾ ਅਮਰੀਕਾ ਦੇ ਸੈਕਰਾਮੈਂਟੋ ਖੇਤਰ ਵਿਚ ਧਾਰਮਿਕ ਸਾਂਝ ਅਤੇ ਭਾਈਚਾਰਕ ਏਕਤਾ ਦੀ ਇੱਕ ਮਜ਼ਬੂਤ ਮਿਸਾਲ ਮੰਨੀ ਜਾਂਦੀ ਹੈ।
ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਵੱਲੋਂ ਜੋਨ ਫਿਸ਼ ਦੇ ਸਨਮਾਨ ‘ਚ ਪ੍ਰਭਾਵਸ਼ਾਲੀ ਸਮਾਗਮ

