#AMERICA

ਅਮਰੀਕਾ ਵੱਲੋਂ 1.5 ਟ੍ਰਿਲੀਅਨ ਡਾਲਰ ਦਾ ਰੱਖਿਆ ਬਜਟ ਦਾ ਪ੍ਰਸਤਾਵ!

ਵਾਸ਼ਿੰਗਟਨ, 2 ਮਈ (ਪੰਜਾਬ ਮੇਲ)- ਇਰਾਨ ਦੇ ਖਿਲਾਫ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਜੰਗ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਸਿਆਸਤ ਦੇ ਕੇਂਦਰ ਵਾਸ਼ਿੰਗਟਨ ਵਿਚ ਅਜਿਹਾ ਮਾਹੌਲ ਬਣਿਆ ਹੈ, ਜਿੱਥੇ ਜੰਗ ਸਿਰਫ਼ ਸਰਹੱਦਾਂ ‘ਤੇ ਹੀ ਨਹੀਂ, ਸਗੋਂ ਸੰਸਦ, ਬਾਜ਼ਾਰ ਅਤੇ ਨੈਤਿਕਤਾ ਦੇ ਮੁੱਦਿਆਂ ‘ਤੇ ਵੀ ਲੜੀ ਜਾ ਰਹੀ ਹੈ।
ਇਸੇ ਪਿਛੋਕੜ ਵਿਚ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੂੰ ‘ਹਾਊਸ ਆਰਮਡ ਸਰਵਿਸਿਜ਼ ਕਮੇਟੀ’ ਦੇ ਸਾਹਮਣੇ ਪੇਸ਼ ਹੋ ਕੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਸੁਣਵਾਈ ਦੌਰਾਨ ਸਾਲ 2027 ਲਈ 1.5 ਟ੍ਰਿਲੀਅਨ ਡਾਲਰ ਦੇ ਰੱਖਿਆ ਬਜਟ ਦਾ ਪ੍ਰਸਤਾਵ ਰੱਖਿਆ ਗਿਆ, ਜੋ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਫੌਜੀ ਬਜਟ ਮੰਨਿਆ ਜਾ ਰਿਹਾ ਹੈ। ਭਾਰਤੀ ਕਰੰਸੀ ਵਿਚ ਇਹ ਰਕਮ ਲਗਭਗ 124-125 ਲੱਖ ਕਰੋੜ ਰੁਪਏ ਬਣਦੀ ਹੈ।
ਇਸ ਸੁਣਵਾਈ ਨੇ ਨਾ ਸਿਰਫ਼ ਜੰਗ ਦੀ ਦਿਸ਼ਾ ਸਗੋਂ ਅਮਰੀਕਾ ਦੀ ਵਿੱਤੀ ਪਾਰਦਰਸ਼ਤਾ ਅਤੇ ਸਿਆਸੀ ਜਵਾਬਦੇਹੀ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਖਰਚਾ ਜ਼ਰੂਰੀ ਹੈ ਅਤੇ ਆਧੁਨਿਕ ਜੰਗ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਜਟ ਦਾ ਪੈਸਾ ਖਾਸ ਕਰਕੇ ਹੋਰਮੁਜ਼ ਸਟ੍ਰੇਟ ਅਤੇ ਹਿੰਦ ਮਹਾਸਾਗਰ ਵਰਗੇ ਰਣਨੀਤਕ ਖੇਤਰਾਂ ਵਿਚ ਡਰੋਨ ਤਕਨੀਕ, ਮਿਜ਼ਾਈਲ ਡਿਫੈਂਸ ਸਿਸਟਮ ਅਤੇ ਸਮੁੰਦਰੀ ਫੌਜ ਦੀ ਤਾਕਤ ਨੂੰ ਮਜ਼ਬੂਤ ਕਰਨ ‘ਤੇ ਫੋਕਸ ਕੀਤਾ ਜਾਵੇਗਾ।
ਇਸ ਪ੍ਰਸਤਾਵ ਨੂੰ ਲੈ ਕੇ ਅਮਰੀਕੀ ਸੰਸਦ ਵਿਚ ਤਿੱਖੀ ਬਹਿਸ ਛਿੜ ਗਈ ਹੈ। ਵਿਰੋਧੀ ਡੈਮੋਕ੍ਰੇਟਸ ਨੇ ਇਸ ਨੂੰ ‘ਪਸੰਦ ਦੀ ਜੰਗ’ ਦੱਸਦੇ ਹੋਏ ਇਲਜ਼ਾਮ ਲਾਇਆ ਕਿ ਇਹ ਟਕਰਾਅ ਬਿਨਾਂ ਕਿਸੇ ਸਪੱਸ਼ਟ ਸੰਸਦੀ ਮਨਜ਼ੂਰੀ ਦੇ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਸ ਜੰਗ ਲਈ ਜਨਤਾ ਦੇ ਟੈਕਸ ਦਾ ਭਾਰੀ ਪੈਸਾ ਖਰਚ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਸਰਕਾਰ ਦਾ ਪੱਖ ਹੈ ਕਿ ਇਰਾਨ ਅਤੇ ਖੇਤਰੀ ਖ਼ਤਰਿਆਂ ਦੇ ਮੱਦੇਨਜ਼ਰ ਇਹ ਖਰਚਾ ਜ਼ਰੂਰੀ ਹੈ। ਪ੍ਰਸ਼ਾਸਨ ਦੀ ਦਲੀਲ ਹੈ ਕਿ ਰਾਸ਼ਟਰੀ ਸੁਰੱਖਿਆ ਲਈ ਮਜ਼ਬੂਤ ਫੌਜੀ ਢਾਂਚਾ ਲਾਜ਼ਮੀ ਹੈ ਅਤੇ ਇਸ ਵਿਚ ਦੇਰੀ ਜਾਂ ਕਟੌਤੀ ਜ਼ੋਖਮ ਭਰੀ ਹੋ ਸਕਦੀ ਹੈ।
ਸੁਣਵਾਈ ਦਾ ਸਭ ਤੋਂ ਨਾਟਕੀ ਪਹਿਲੂ ਉਦੋਂ ਸਾਹਮਣੇ ਆਇਆ, ਜਦੋਂ ਸੈਨੇਟਰ ਐਲਿਜ਼ਾਬੇਥ ਵਾਰੇਨ ਨੇ ਰੱਖਿਆ ਸਕੱਤਰ ਹੇਗਸੇਥ ‘ਤੇ ਇਨਸਾਈਡਰ ਟ੍ਰੇਡਿੰਗ ਦੇ ਗੰਭੀਰ ਇਲਜ਼ਾਮ ਲਾਏ। ਵਾਰੇਨ ਨੇ ਤੇਲ ਬਾਜ਼ਾਰ ਵਿਚ ਹੋਏ ਸ਼ੱਕੀ ਸੌਦਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਜੰਗ ਸਬੰਧੀ ਐਲਾਨਾਂ ਤੋਂ ਸਿਰਫ ਕੁਝ ਮਿੰਟ ਪਹਿਲਾਂ ਵੱਡੇ ਪੱਧਰ ‘ਤੇ ਟ੍ਰੇਡਿੰਗ ਹੋਈ। ਉਨ੍ਹਾਂ ਦੇ ਮੁਤਾਬਕ ਇਹ ਸੰਕੇਤ ਦਿੰਦਾ ਹੈ ਕਿ ਕਿਸੇ ਨੇ ਗੈਰ-ਜਨਤਕ ਜਾਣਕਾਰੀ ਦੀ ਵਰਤੋਂ ਕਰ ਕੇ ਭਾਰੀ ਮੁਨਾਫਾ ਕਮਾਇਆ ਹੈ।
ਹੇਗਸੇਥ ਨੇ ਤਿੱਖੇ ਅੰਦਾਜ਼ ਵਿਚ ਪੁੱਛਿਆ ਕਿ ਕੀ ਇਸ ਤੋਂ ਇਲਾਵਾ ਕੋਈ ਹੋਰ ਸਪੱਸ਼ਟੀਕਰਨ ਹੋ ਸਕਦਾ ਹੈ? ਇਸ ‘ਤੇ ਹੇਗਸੇਥ ਨੇ ਸਾਫ਼ ਇਨਕਾਰ ਕਰਦਿਆਂ ਕਿਹਾ, ”ਕੋਈ ਮੈਨੂੰ ਖਰੀਦ ਨਹੀਂ ਸਕਦਾ, ਸਾਡਾ ਵਿਭਾਗ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਦਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਰੱਖਿਆ ਵਿਭਾਗ ਦਾ ਧਿਆਨ ਸਿਰਫ਼ ਫੌਜੀ ਮੁਹਿੰਮਾਂ ‘ਤੇ ਹੈ, ਨਾ ਕਿ ਵਿੱਤੀ ਬਾਜ਼ਾਰਾਂ ‘ਤੇ।
ਬਹਿਸ ਉਸ ਸਮੇਂ ਹੋਰ ਤੇਜ਼ ਹੋ ਗਈ, ਜਦੋਂ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਕਿ ਹੇਗਸੇਥ ਦੇ ਇਕ ਬ੍ਰੋਕਰ ਨੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਬਲੈਕਰਾਕ ਰਾਹੀਂ ਲਾਕਹੀਡ ਮਾਰਟਿਨ ਅਤੇ ਨਾਰਥਰੋਪ ਗਰੁਮੈਨ ਵਰਗੀਆਂ ਰੱਖਿਆ ਕੰਪਨੀਆਂ ਨਾਲ ਜੁੜੇ ਫੰਡਾਂ ਵਿਚ ਨਿਵੇਸ਼ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਪੈਂਟਾਗਨ ਨੇ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਮਨਘੜਤ ਦੱਸਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੱਖਿਆ ਵਿਭਾਗ ਲਈ ਹਿੱਤਾਂ ਦੇ ਟਕਰਾਅ ਨੂੰ ਰੋਕਣ ਦੇ ਸਖ਼ਤ ਨਿਯਮ ਹਨ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ।
ਇਸ ਪੂਰੇ ਵਿਵਾਦ ਦੇ ਵਿਚਾਲੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਅਮਰੀਕੀ ਫੌਜ ਦੇ ਮਾਸਟਰ ਸਾਰਜੈਂਟ ਗੈਨਨ ਕੇਨ ਵਾਨ ਡਾਇਕ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਵੈਨੇਜ਼ੁਏਲਾ ਨਾਲ ਜੁੜੀ ਇਕ ਗੁਪਤ ਫੌਜੀ ਕਾਰਵਾਈ ਦੀ ਜਾਣਕਾਰੀ ਦੀ ਵਰਤੋਂ ਕਰ ਕੇ ‘ਪ੍ਰੈਡਿਕਸ਼ਨ ਮਾਰਕੀਟ’ ਵਿਚ ਸੱਟਾ ਲਾਇਆ ਅਤੇ ਲਗਭਗ 400,000 ਡਾਲਰ (3 ਕਰੋੜ 32 ਲੱਖ ਰੁਪਏ) ਦੀ ਕਮਾਈ ਕੀਤੀ। ਇਸ ਮਾਮਲੇ ਵਿਚ ਉਨ੍ਹਾਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਜਿੱਥੇ ਇਕ ਫੌਜੀ ‘ਤੇ ਸਖ਼ਤ ਕਾਰਵਾਈ ਹੋ ਰਹੀ ਹੈ, ਉੱਥੇ ਹੀ ਨੇਤਾਵਾਂ ਅਤੇ ਉੱਚ ਅਧਿਕਾਰੀਆਂ ਦੇ ਮਾਮਲਿਆਂ ਵਿਚ ਓਨੀ ਸਖ਼ਤੀ ਕਿਉਂ ਨਹੀਂ ਦਿਖਦੀ। ਇਹੀ ਦੋਹਰਾ ਮਾਪਦੰਡ ਹੁਣ ਸਿਆਸੀ ਬਹਿਸ ਦਾ ਵੱਡਾ ਮੁੱਦਾ ਬਣ ਚੁੱਕਾ ਹੈ।