ਮਿਨੀਆਪੋਲਿਸ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਮਿਨੀਆਪੋਲਿਸ ਵਿਚ ਸ਼ਨੀਵਾਰ ਨੂੰ ਟੇਕ-ਆਫ (ਉਡਾਣ ਭਰਨ) ਦੇ ਤੁਰੰਤ ਬਾਅਦ ਇੱਕ ਛੋਟਾ ਵਿਮਾਨ ਜ਼ਮੀਨ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਲੱਗੀ ਅੱਗ ਕਾਰਨ ਨਾਰਥ ਡਕੋਟਾ ਦੀ ਸਟੇਟ ਰਿਪ੍ਰਜ਼ੈਂਟੇਟਿਵ ਲਿਜ਼ ਕੌਨਮੀ ਅਤੇ ਪਾਇਲਟ ਜੋ ਕੈਸ ਦੀ ਮੌਤ ਹੋ ਗਈ। ਵਿਮਾਨ ਵਿਚ ਸਿਰਫ਼ ਇਹ ਦੋਵੇਂ ਹੀ ਸਵਾਰ ਸਨ।
ਇਹ ਹਾਦਸਾ ਮਿਨੀਸੋਟਾ ਦੇ ਬਰੁਕਲਿਨ ਪਾਰਕ ਵਿਚ ਵਾਪਰਿਆ, ਜਿੱਥੇ ਵਿਮਾਨ ਕ੍ਰਿਸਟਲ ਏਅਰਪੋਰਟ ਤੋਂ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਹੇਠਾਂ ਡਿੱਗ ਗਿਆ। 58 ਸਾਲਾ ਲਿਜ਼ ਕੌਨਮੀ ਫਾਰਗੋ ਦੀ ਰਹਿਣ ਵਾਲੀ ਸੀ। ਉਹ ਚਾਰ ਬੱਚਿਆਂ ਦੀ ਮਾਂ ਸੀ ਅਤੇ 2023 ਤੋਂ ਸੂਬਾ ਪ੍ਰਤੀਨਿਧੀ ਵਜੋਂ ਸੇਵਾ ਨਿਭਾ ਰਹੀ ਸੀ। ਉਹ ਆਪਣੀ ਦੂਜੀ ਪਾਰੀ ਲਈ ਚੋਣਾਂ ਦੀ ਤਿਆਰੀ ਕਰ ਰਹੀ ਸੀ।
ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਇੱਕ ਰਿਹਾਇਸ਼ੀ ਇਲਾਕੇ ਵਿਚ ਹੋਇਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿਚ ਦੋ ਲੋਕ ਸਵਾਰ ਸਨ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨ.ਟੀ.ਐੱਸ.ਬੀ.) ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ।
ਵਿਮਾਨ ‘ਬੀਚ ਐੱਫ33ਏ’ ਮਾਡਲ ਦਾ ਸੀ। ਹਾਦਸਾ ਦੁਪਹਿਰ ਤੋਂ ਠੀਕ ਪਹਿਲਾਂ ਵਾਪਰਿਆ। ਨਾਰਥ ਡਕੋਟਾ ਦੇ ਗਵਰਨਰ ਕੇਲੀ ਆਰਮਸਟ੍ਰਾਂਗ ਨੇ ਕਿਹਾ ਕਿ ਅਸੀਂ ਇਸ ਦੁਖਦ ਨੁਕਸਾਨ ਤੋਂ ਬਹੁਤ ਦੁਖੀ ਹਾਂ ਅਤੇ ਪਰਿਵਾਰ ਤੇ ਸਾਥੀ ਵਿਧਾਇਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਉੱਤਰੀ ਡਕੋਟਾ ਡੈਮੋਕ੍ਰੇਟਿਕ-ਨਾਨਪਾਰਟੀਸਨ ਲੀਗ ਪਾਰਟੀ ਨੇ ‘ਐਕਸ’ ‘ਤੇ ਪੋਸਟ ਕਰਕੇ ਕਿਹਾ ਕਿ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਇਹ ਸੂਬੇ ਲਈ ਇੱਕ ਵੱਡਾ ਨੁਕਸਾਨ ਹੈ।
ਪਾਰਟੀ ਨੇ ਉਨ੍ਹਾਂ ਨੂੰ ਇੱਕ ਸਾਬਕਾ ਕਿਸਾਨ ਅਤੇ ਮਿਨੀਸੋਟਾ ਸਟੇਟ ਯੂਨੀਵਰਸਿਟੀ ਦੀ ਅਧਿਆਪਕਾ ਵਜੋਂ ਯਾਦ ਕੀਤਾ। ਉਨ੍ਹਾਂ ਕਿਹਾ ਕਿ ਵਿਧਾਇਕ ਵਜੋਂ ਉਨ੍ਹਾਂ ਨੇ ਜਨਤਕ ਸਿੱਖਿਆ, ਵਾਤਾਵਰਣ ਅਤੇ ਪਾਰਦਰਸ਼ਤਾ ਦੇ ਮੁੱਦਿਆਂ ‘ਤੇ ਹਮੇਸ਼ਾ ਮਜ਼ਬੂਤੀ ਨਾਲ ਆਵਾਜ਼ ਉਠਾਈ।
ਨਾਰਥ ਡਕੋਟਾ ਸਟੇਟ ਰਿਪ੍ਰਜ਼ੈਂਟੇਟਿਵ ਲਿਜ਼ ਕੌਨਮੀ ਅਤੇ ਪਾਇਲਟ ਦੀ ਜਹਾਜ਼ ਹਾਦਸੇ ‘ਚ ਮੌਤ

