ਫਰਿਜ਼ਨੋ, 31 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੁੱਧਵਾਰ ਰਾਤੀਂ ਸਥਾਨਕ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਵਿਖੇ ਕਾਰੋਬਾਰੀ ਨੀਟੂ ਵਡਿਆਲ ਵੱਲੋਂ ਕਾਮੇਡੀਅਨ ਅਤੇ ਮਾਰਕਫੈੱਡ ਦੇ ਅਡੀਸ਼ਨਲ ਐੱਮ.ਡੀ. ਰਹੇ ਬਾਲ ਮਕੰਦ ਸ਼ਰਮਾ ਜੀ ਦੇ ਸਨਮਾਨ ਹਿੱਤ ਇੱਕ ਸ਼ਾਨਦਾਰ ਸਮਾਗਮ ਦਾ ਅਯੋਜਨ ਕੀਤਾ ਗਿਆ। ਜਿੱਥੇ ਸ਼ਹਿਰ ਦੀਆਂ ਸਿਰਕੱਢ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾਏ। ਇਸ ਮੌਕੇ ਸ਼੍ਰੀ ਬਾਲ ਮਕੰਦ ਸ਼ਰਮਾ ਨੇ ਪੰਜਾਬ ਦੀ ਕਿਰਸਾਨੀ ਦੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਸਾਡੀ ਟੀਮ ਇਸ ਕੋਸ਼ਿਸ਼ ਵਿਚ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਕਿਸਾਨ ਦੀ ਫਸਲ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਐਕਸਪੋਰਟ ਹੋਣ ਲੱਗ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਲਈ ਸਾਡੀ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਬਾਹਰ ਖੁੱਲ੍ਹੇ ਵੱਡੇ ਪੰਜਾਬੀ ਗਰੌਸਰੀ ਸਟੋਰਾਂ ਦੇ ਸਹਿਯੋਗ ਨਾਲ ਹੋਵੇਗੀ ਅਤੇ ਉਨ੍ਹਾਂ ਕਿਹਾ ਕਿ ਨੀਟੂ ਵਡਿਆਲ ਜਿਹੜੇ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਦੇ ਨਾਲ ”ਗਰੌਸਰੀ ਡੀਪੂ” ਨਾਮੀ ਵੱਡਾ ਪੰਜਾਬੀ ਗਰੌਸਰੀ ਅਤੇ ਹਰੀਆਂ ਸਬਜ਼ੀਆਂ ਦਾ ਸਟੋਰ ਵੀ ਚਲਾ ਰਹੇ ਹਨ, ਅਗਰ ਏਦਾਂ ਦੇ ਸੱਜਣ ਸਾਡੇ ਇਸ ਪ੍ਰੋਜੈਕਟ ਲਈ ਮਦਦ ਕਰਨ, ਤਾਂ ਇਹ ਕੰਮ ਕੋਈ ਔਖਾ ਵੀ ਨਹੀਂ।
ਉਨ੍ਹਾਂ ਕਿਹਾ ਕਿ ਅੱਜਕੱਲ੍ਹ ਤਕਨੀਕੀ ਯੁੱਗ ਵਿਚ ਹਵਾਈ ਜਹਾਜ਼ ਇੰਡੀਆ ਤੋਂ ਉੱਡਕੇ ਸਿੱਧੇ ਪੰਦਰਾਂ ਘੰਟਿਆਂ ‘ਚ ਅਮਰੀਕਾ ਆ ਜਾਂਦੇ ਨੇ, ਅਗਰ ਬਾਹਰ ਵਸਦੇ ਪੰਜਾਬੀ ਤੇ ਸਰਕਾਰਾਂ ਸਾਥ ਦੇਣ ਤਾਂ ਕੁਝ ਵੀ ਅਸੰਭਵ ਨਹੀਂ। ਇਸ ਮੌਕੇ ਜੋਤ ਰਣਜੀਤ ਕੌਰ, ਸੰਜੀਵ ਕੁਮਾਰ, ਡਾ. ਮੋਮੀ ਆਦਿ ਨੇ ਆਪਣੇ ਵਿਚਾਰ ਰੱਖੇ। ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਕੀਤਾ। ਗਾਇਕ ਕਮਲਜੀਤ ਬੈਨੀਪਾਲ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਅਖੀਰ ਬੇ ਲੀਫ਼ ਦੇ ਸੁਆਦਿਸ਼ਟ ਖਾਣੇ ਤੋਂ ਬਾਅਦ ਇਹ ਪ੍ਰੋਗ੍ਰਾਮ ਅਮਿੱਟ ਪੈੜ੍ਹਾ ਛੱਡਦਾ ਸਮਾਪਤ ਹੋਇਆ।