#PUNJAB

ਪੰਜਾਬ ‘ਚ ਜਨਵਰੀ ਵਿਚ ਆਮ ਨਾਲੋਂ 69 ਫ਼ੀਸਦੀ ਵੱਧ ਪਿਆ ਮੀਂਹ

-ਪਹਿਲੀ ਫਰਵਰੀ ਨੂੰ ਕਈ ਥਾਈਂ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ
ਚੰਡੀਗੜ੍ਹ, 31 ਜਨਵਰੀ (ਪੰਜਾਬ ਮੇਲ)- ਪੰਜਾਬ ਵਿਚ ਜਨਵਰੀ ਮਹੀਨੇ ਦੌਰਾਨ ਦੋ ਵਾਰ ਹੀ ਮੀਂਹ ਪਿਆ ਹੈ ਪਰ ਇਹ ਮੀਂਹ ਭਰਵਾਂ ਪਿਆ। ਇਸੇ ਕਰਕੇ ਜਨਵਰੀ ਮਹੀਨੇ ਵਿਚ ਆਮ ਨਾਲੋਂ ਔਸਤਨ 69 ਫ਼ੀਸਦੀ ਵੱਧ ਮੀਂਹ ਪਿਆ। ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਆਮ ਤੌਰ ‘ਤੇ ਜਨਵਰੀ ਮਹੀਨੇ ਦੌਰਾਨ 20.3 ਐੱਮ.ਐੱਮ. ਮੀਂਹ ਪੈਂਦਾ ਹੈ ਪਰ ਇਸ ਵਾਰ 34.4 ਐੱਮ.ਐੱਮ. ਮੀਂਹ ਪਿਆ। ਇਸੇ ਦੌਰਾਨ ਗੁਰਦਾਸਪੁਰ ਸ਼ਹਿਰ ਵਿਚ ਆਮ ਨਾਲੋਂ 199 ਫ਼ੀਸਦੀ ਵਧ ਮੀਂਹ ਪਿਆ। ਉੱਥੇ ਆਮ ਤੌਰ ‘ਤੇ 33.2 ਐੱਮ.ਐੱਮ. ਮੀਂਹ ਪੈਂਦਾ, ਪਰ ਇਸ ਵਾਰ 99.3 ਐੱਮ.ਐੱਮ. ਮੀਂਹ ਪਿਆ। ਜਦੋਂ ਕਿ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਅਤੇ ਮੁਹਾਲੀ ਵਿਚ ਆਮ ਨਾਲੋਂ ਘੱਟ ਮੀਂਹ ਪਿਆ।
ਅੰਮ੍ਰਿਤਸਰ ਵਿਚ 25.7 ਐੱਮ.ਐੱਮ., ਬਰਨਾਲਾ ਵਿਚ 28.4 ਐੱਮ.ਐੱਮ., ਫਤਿਹਗੜ੍ਹ ਸਹਿਬ ਵਿਚ 66.5 ਐੱਮ.ਐੱਮ., ਹੁਸ਼ਿਆਰਪੁਰ ਵਿਚ 42.9 ਐੱਮ.ਐੱਮ., ਜਲੰਧਰ ਵਿਚ 33.7 ਐੱਮ.ਐੱਮ., ਕਪੂਰਥਲਾ ਵਿਚ 35.2 ਐੱਮ.ਐੱਮ., ਲੁਧਿਆਣਾ ਵਿਚ 52.2 ਐੱਮ.ਐੱਮ., ਮਾਨਸਾ ਵਿਚ 17.5 ਐੱਮ.ਐੱਮ., ਮੋਗਾ ਵਿਚ 25 ਐੱਮ.ਐੱਮ., ਪਠਾਨਕੋਟ ਵਿਚ 83.4 ਐੱਮ.ਐੱਮ., ਪਟਿਆਲਾ ਵਿਚ 54.3 ਐੱਮ.ਐੱਮ., ਰੋਪੜ ਵਿਚ 66 ਐੱਮ.ਐੱਮ., ਸੰਗਰੂਰ ਵਿਚ 35.6 ਐੱਮ.ਐੱਮ., ਨਵਾਂ ਸ਼ਹਿਰ ਵਿਚ 31.1 ਐੱਮ.ਐੱਮ. ਅਤੇ ਤਰਨ ਤਾਰਨ ਵਿਚ 20.8 ਐੱਮ.ਐੱਮ. ਮੀਂਹ ਪਿਆ। ਇਸ ਤੋਂ ਇਲਾਵਾ ਬਠਿੰਡਾ ਵਿਚ 5.2 ਐੱਮ.ਐੱਮ., ਫਰੀਦਕੋਟ ਵਿਚ 7.1 ਐੱਮ.ਐੱਮ., ਫਾਜ਼ਿਲਕਾ ਵਿਚ 3.3 ਐੱਮ.ਐੱਮ., ਫਿਰੋਜ਼ਪੁਰ ਵਿਚ 3.7 ਐੱਮ.ਐੱਮ., ਮੁਕਤਸਰ ‘ਚ 4 ਐੱਮ.ਐੱਮ. ਅਤੇ ਮੁਹਾਲੀ ਵਿਚ 31.1 ਐੱਮ.ਐੱਮ. ਮੀਂਹ ਪਿਆ।
ਪੰਜਾਬ ਦੇ ਕਈ ਸ਼ਹਿਰਾਂ ਵਿਚ ਪਹਿਲੀ ਫਰਵਰੀ ਨੂੰ ਹਲਕਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਗਿਆਨੀਆਂ ਨੇ 1 ਫਰਵਰੀ ਨੂੰ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਮੌਸਮ ਵਿਗਿਆਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ 1 ਫਰਵਰੀ ਨੂੰ ਮੀਂਹ ਪੈਣ ਤੋਂ ਬਾਅਦ ਠੰਢ ਜ਼ੋਰ ਫੜੇਗੀ।