#AMERICA

ਟਰੰਪ ਨੇ ਈਰਾਨ ਨੂੰ ਦੇ’ਤਾ ਅਲਟੀਮੇਟਮ; ‘ਸਮਝੌਤਾ ਕਰੋ ਜਾਂ ਤਬਾਹੀ ਲਈ ਰਹੋ ਤਿਆਰ ‘

ਵਾਸ਼ਿੰਗਟਨ, 29 ਜਨਵਰੀ (ਪੰਜਾਬ ਮੇਲ)- ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਈਰਾਨ ਨੇ ਜਲਦੀ ਸਮਝੌਤਾ ਨਾ ਕੀਤਾ ਤਾਂ ਉਸ ਨੂੰ ਅਜਿਹੀ ਫੌਜੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖੀ ਗਈ।

ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਜਾਣਕਾਰੀ ਦਿੱਤੀ ਕਿ ਅਮਰੀਕਾ ਦਾ ਇੱਕ ਵੱਡਾ ਸਮੁੰਦਰੀ ਬੇੜਾ (Massive Armada), ਜਿਸ ਦੀ ਅਗਵਾਈ ਜੰਗੀ ਬੇੜਾ USS Abraham Lincoln ਕਰ ਰਿਹਾ ਹੈ, ਈਰਾਨ ਵੱਲ ਵਧ ਰਿਹਾ ਹੈ। ਟਰੰਪ ਨੇ ਲਿਖਿਆ, “ਉਮੀਦ ਹੈ ਕਿ ਈਰਾਨ ਜਲਦੀ ਗੱਲਬਾਤ ਦੀ ਮੇਜ਼ ‘ਤੇ ਆਵੇਗਾ ਅਤੇ ਇੱਕ ਨਿਰਪੱਖ ਸੌਦਾ ਕਰੇਗਾ – ਕੋਈ ਪ੍ਰਮਾਣੂ ਹਥਿਆਰ ਨਹੀਂ!”

ਟਰੰਪ ਨੇ ਪੁਰਾਣੇ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਈਰਾਨ ਹੁਣ ਵੀ ਨਾ ਮੰਨਿਆ ਤਾਂ ਅਗਲਾ ਹਮਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਘਾਤਕ ਹੋਵੇਗਾ। ਜ਼ਿਕਰਯੋਗ ਹੈ ਕਿ ਜੂਨ 2025 ਵਿੱਚ ਵੀ ਅਮਰੀਕੀ ਫੌਜਾਂ ਨੇ ਇਜ਼ਰਾਈਲ ਨਾਲ ਮਿਲ ਕੇ ਈਰਾਨ ਦੇ ਕਈ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਦੂਜੇ ਪਾਸੇ, ਈਰਾਨ ਨੇ ਅਮਰੀਕੀ ਧਮਕੀਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਘਚੀ ਨੇ ਕਿਹਾ ਕਿ ਅਮਰੀਕਾ ਦੇ ਦਬਾਅ ਪਾਉਣ ਦੇ ਤਰੀਕੇ ਬੇਅਸਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਧਮਕੀਆਂ ਦੇ ਮਾਹੌਲ ਵਿੱਚ ਕੋਈ ਗੱਲਬਾਤ ਨਹੀਂ ਹੋ ਸਕਦੀ। ਈਰਾਨੀ ਅਧਿਕਾਰੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਕੋਈ ਫੌਜੀ ਕਾਰਵਾਈ ਕੀਤੀ, ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਜਿਸ ਨਾਲ ਖੇਤਰ ਵਿੱਚ ਵੱਡੀ ਜੰਗ ਛਿੜ ਸਕਦੀ ਹੈ।