#PUNJAB

ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਮੇਅਰ

ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਚੰਡੀਗੜ੍ਹ ਵਿਚ ਅੱਜ ਭਾਜਪਾ ਨੇ ਅੱਜ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਜਿੱਤੀ। ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਭਾਜਪਾ ਦੇ ਸੌਰਭ ਜੋਸ਼ੀ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਇਸ ਸਬੰਧੀ ਚੋਣ ਬੈਲੇਟ ਪੇਪਰ ਦੀ ਥਾਂ ਹੱਥ ਖੜ੍ਹੇ ਕਰਵਾ ਕੇ ਕਰਵਾਈ ਗਈ। ਕਾਂਗਰਸ ਨੂੰ ਸੱਤ ਵੋਟਾਂ ਤੇ ਆਪ ਨੂੰ 11 ਵੋਟਾਂ ਮਿਲੀਆਂ ਜਦਕਿ  ਭਾਜਪਾ ਨੂੰ 18 ਵੋਟਾਂ ਮਿਲੀਆਂ ਤੇ ਮੇਅਰ ਬਣਨ ਤੋਂ ਬਾਅਦ ਸੌਰਭ ਜੋਸ਼ੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸੌਰਭ ਜੋਸ਼ੀ ਦੇ ਹੱਕ ਵਿਚ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ  ਕੇ ਸਮਰਥਨ ਦਿੱਤਾ। ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਦੇ ਹੱਕ ਵਿਚ ਸੰਸਦ ਮੈਂਬਰ ਸਣੇ 7 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਦੇ ਹੱਕ ਵਿਚ 11 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਭਾਜਪਾ ਦੇ ਜਸਮਨਪ੍ਰੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣ ਗਏ ਹਨ। ਭਾਜਪਾ ਦੇ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਉਨ੍ਹਾਂ ਦੇ ਹੱਕ ਵਿਚ ਵੋਟ ਪਾਈ। ਡਿਪਟੀ ਮੇਅਰ ਲਈ ਆਜ਼ਾਦ ਉਮੀਦਵਾਰ ਰਾਮ ਚੰਦਰ ਯਾਦਵ ਨੇ ਕਾਗਜ਼ ਵਾਪਸ ਲੈ ਲਏ ਪਰ ਇਸ ਨਾਲ ਹੁਣ ਕੋਈ ਫਰਕ ਨਹੀਂ ਪਿਆ। ਦੂਜੇ ਪਾਸੇ ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਗਾਬੀ ਤੇ ਆਮ ਆਦਮੀ ਪਾਰਟੀ ਤੋਂ ਯੋਗੇਸ਼ ਢੀਂਗਰਾ ਤੇ ਰਾਮ ਚੰਦਰ ਨੇ ਆਜ਼ਾਦ ਉਮੀਦਵਾਰ ਵਜੋਂ ਮੇਅਰ ਲਈ ਕਾਗਜ਼ ਦਾਖਲ ਕੀਤੇ ਹਨ।

ਚੰਡੀਗੜ੍ਹ ਨਗਰ ਨਿਗਮ ਦਫਤਰ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ ਦੇ ਬਾਹਰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਨਗਰ ਨਿਗਮ ਦਾ ਦਫਤਰ ਇਸ ਵੇਲੇ ਪੁਲੀਸ ਛਾਉਣੀ ਬਣ ਗਿਆ ਹੈ। ਨਿਗਮ ਦਫਤਰ ਦੇ ਸਾਰੇ ਰਸਤੇ ਪੁਲੀਸ ਨੇ ਬੈਰੀਕੇਡ ਲਾ ਕੇ ਬੰਦ ਕਰ ਦਿੱਤੇ ਹਨ।

ਭਾਜਪਾ ਵੱਲੋਂ ਮੇਅਰ ਦੇ ਉਮੀਦਵਾਰ ਸੌਰਭ ਜੋਸ਼ੀ ਸਮੇਤ ਸਾਰੇ ਭਾਜਪਾ ਕੌਂਸਲਰ ਇਕੱਠੇ ਆਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋਏ ਸਾਡੇ ਦਸ ਵਜੇ ਤੋਂ ਬਾਅਦ ਅੰਦਰ ਦਾਖਲ ਹੋਏ।