ਮੁੰਬਈ, 26 ਜਨਵਰੀ (ਪੰਜਾਬ ਮੇਲ)- ਪੰਜਾਬ ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਰਾਜਾ ਕੰਦੋਲਾ ਦੀ ਮੁੰਬਈ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਾਜਾ ਕੰਦੌਲਾ ਬੰਗਾ ਦਾ ਰਹਿਣ ਵਾਲਾ ਸੀ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਬਈ ‘ਚ ਰਾਜਾ ਕੰਦੋਲਾ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਾ ਕੰਦੋਲਾ ਕਈ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਪਰਿਵਾਰ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਮੁੰਬਈ ਵਿਚ ਹੀ ਕੀਤਾ ਜਾਵੇਗਾ।
ਦੱਸ ਦੇਈਏ ਕਿ ਨਵਾਂਸ਼ਹਿਰ ‘ਚ ਜਨਮੇ ਕੰਦੋਲਾ 2000 ਤੋਂ 2026 ਤੱਕ ਲਗਭਗ 26 ਸਾਲਾਂ ਤੱਕ ਵਿਵਾਦਾਂ ਵਿਚ ਘਿਰਿਆ ਰਿਹਾ। ਰਾਜਾ ਕੰਦੌਲਾ ਦਾ ਅਸਲੀ ਨਾਮ ਰਣਜੀਤ ਸਿੰਘ ਸੀ। ਉਸ ਦਾ ਨਾਮ ਪੰਜਾਬ ਦੇ ਸਭ ਤੋਂ ਮਸ਼ਹੂਰ ਨਸ਼ੇ ਦੇ ਤਸਕਰਾਂ ਵਿਚੋਂ ਇਕ ਸੀ। ਉਸ ਨੂੰ ਜਲੰਧਰ ਦੀ ਇਕ ਵਿਸ਼ੇਸ਼ ਪੀ.ਐੱਮ.ਐੱਲ.ਏ. (ਮਨੀ ਲਾਂਡਰਿੰਗ) ਕੋਰਟ ਨੇ 200 ਕਰੋੜ ਰੁਪਏ ਦੇ ਨਸ਼ਾ ਰੈਕੇਟ ਮਾਮਲੇ ਵਿਚ 9 ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ‘ਚ ਉਸ ਦੀ ਪਤਨੀ ਰਜਵੰਤ ਕੌਰ ਨੂੰ ਵੀ 3 ਸਾਲ ਦੀ ਸਜ਼ਾ ਮਿਲੀ ਸੀ। 2024 ‘ਚ ਰਾਜਾ ਕੰਦੌਲਾ ਦਾ ਨਾਂ ਆਈਸ ਡਰੱਗ (ਕ੍ਰਿਸਟਲ ਮੇਥ) ਤਸਕਰੀ ਮਾਮਲਾ ਚਰਚਾ ਵਿਚ ਰਿਹਾ ਸੀ। ਜੇਲ੍ਹ ਤੋਂ ਛੁੱਟਣ ਮਗਰੋਂ ਉਹ ਪਰਿਵਾਰ ਸਮੇਤ ਮੁੰਬਈ ਚਲਾ ਗਿਆ ਸੀ, ਜਿੱਥੇ ਦਿਲ ਦਾ ਦੌਰੇ ਕਾਰਨ ਉਸ ਦੀ ਮੌਤ ਹੋ ਗਈ। ਉਹ ਕਾਫ਼ੀ ਸਮੇਂ ਲਈ ਅਮਰੀਕਾ ਅਤੇ ਜਿੰਬਾਬਵੇ ਵਰਗੇ ਦੇਸ਼ਾਂ ਵਿਚ ਰਿਹਾ, ਜਿੱਥੇ ਉਸ ਨੇ ਨਸ਼ਾ ਤਸਕਰੀ ਦਾ ਅੰਤਰਰਾਸ਼ਟਰੀ ਨੈੱਟਵਰਕ ਬਣਾਇਆ। ਪੰਜਾਬ ਵਾਪਸ ਆਉਣ ਮਗਰੋਂ ਉਸ ਨੇ ਆਪਣੇ ਆਪ ਨੂੰ ਇਕ ਵੱਡੇ ਫਾਰਮਹਾਊਸ ਦੇ ਮਾਲਕ ਵਜੋਂ ਸਥਾਪਤ ਕੀਤਾ।
ਰਾਜਾ ਕੰਦੌਲਾ ਦਾ ਨਾਮ ਪਹਿਲੀ ਵਾਰੀ ਜੂਨ 2012 ‘ਚ ਉਸ ਸਮੇਂ ਚਰਚਾ ਵਿਚ ਆਇਆ, ਜਦੋਂ ਪੰਜਾਬ ਪੁਲਿਸ ਨੇ 200 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਰੈਕੇਟ ਦਾ ਪਰਦਾਫ਼ਾਸ਼ ਕੀਤਾ। ਇਸ ਦੌਰਾਨ ਪੁਲਿਸ ਤੋਂ ਬਚਦਿਆਂ ਉਹ ਦਿੱਲੀ ਭੱਜ ਗਿਆ ਸੀ ਪਰ ਅਗਸਤ 2012 ਵਿਚ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਰਣਜੀਤ ਸਿੰਘ ਉਰਫ਼ ਰਾਜਾ ਕੰਦੌਲਾ ਨੂੰ ਪੰਜਾਬ ਵਿਚ ਆਈਸ ਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਕਿਉਂਕਿ ਉਹ ਸਿੰਥੈਟਿਕ ਡਰੱਗਸ (ਜਿਵੇਂ ਆਈਸ ਜਾਂ ਮੈਥੈਂਫੈਟਾਮਾਈਨ) ਦੇ ਗੈਰ-ਕਾਨੂੰਨੀ ਧੰਦੇ ਦਾ ਮਾਸਟਰਮਾਈਂਡ ਸੀ। ਪੁਲਿਸ ਮੁਤਾਬਕ ਰਾਜਾ ਮੈਥੈਂਫੈਟਾਮਾਈਨ (ਆਈਸ) ਅਤੇ ਹੋਰ ਨਸ਼ੀਲੇ ਪਦਾਰਥ ਬਣਾਉਣ ਲਈ ਦਿੱਲੀ ਅਤੇ ਪੰਜਾਬ ਵਿਚ ਗੈਰ-ਕਾਨੂੰਨੀ ਲੈਬ ਚਲਾਉਂਦਾ ਸੀ। ਉਹ ਕੱਚਾ ਮਾਲ ਦਿੱਲੀ ਤੋਂ ਲਿਆਉਂਦਾ ਅਤੇ ਉਸ ਨੂੰ ਰੀਫਾਈਨ ਕਰਕੇ ਵਿਦੇਸ਼ਾਂ ਵਿਚ ਸਪਲਾਈ ਕਰਦਾ ਸੀ।
ਕੰਦੌਲਾ ਨਾਲ ਉਸ ਦੀ ਪਤਨੀ ਰਜਵੰਤ ਕੌਰ ਅਤੇ ਪੁੱਤਰ ਬਾਲੀ ਸਿੰਘ ਵੀ ਕਾਨੂੰਨੀ ਮੁਸ਼ਕਿਲਾਂ ਵਿਚ ਫਸੇ। ਦੋਹਾਂ ਦਾ ਨਾਂ ਵੀ ਡਰੱਗ ਤਸਕਰੀ ਵਿਚ ਆਇਆ। ਰਾਜਾ ਦੀ ਇਕ ਮਹਿਲਾ ਮਿੱਤਰ ਸੋਨੀਆ ਦਾ ਨਾਂ ਵੀ ਇਸ ਮਾਮਲੇ ਵਿਚ ਚਰਚਾ ਵਿਚ ਰਿਹਾ, ਜੋ ਕਥਿਤ ਤੌਰ ‘ਤੇ ਉਸ ਦੇ ਹੋਟਲ ਅਤੇ ਪ੍ਰਾਪਰਟੀ ਕਾਰੋਬਾਰ ਨੂੰ ਵੇਖਦੀ ਸੀ।
ਅਗਸਤ 2024 ‘ਚ ਜਲੰਧਰ ਦੀ ਇਕ ਵਿਸ਼ੇਸ਼ ਕੋਰਟ ਨੇ ਰਾਜਾ ਕੰਦੌਲਾ ਨੂੰ ਈ.ਡੀ. ਵੱਲੋਂ ਦਰਜ ਮਨੀ ਲਾਂਡਰਿੰਗ ਮਾਮਲੇ ਵਿਚ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਸ ਦੀ ਪਤਨੀ ਰਜਵੰਤ ਨੂੰ ਵੀ 3 ਸਾਲ ਦੀ ਸਜ਼ਾ ਮਿਲੀ। ਰਾਜਾ ਖ਼ਿਲਾਫ਼ ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਦਰਜਨਾਂ ਮਾਮਲੇ ਦਰਜ ਕੀਤੇ ਗਏ। ਕੁਝ ਮਾਮਲਿਆਂ ਵਿਚ ਰਾਜਾ ਬਰੀ ਵੀ ਹੋ ਚੁੱਕਾ ਹੈ।
ਇਸਦੇ ਇਲਾਵਾ ਰਾਜਾ ਕੰਦੌਲਾ ਕਈ ਡਰੱਗ ਤਸਕਰੀ ਦੇ ਮਾਮਲਿਆਂ ਵਿਚ ਸ਼ਾਮਲ ਸੀ, ਜਿਸ ਕਾਰਨ ਉਹ ਪੰਜਾਬ ਦੀਆਂ ਅਦਾਲਤਾਂ ਵਿਚ ਪੇਸ਼ ਹੁੰਦਾ ਰਹਿੰਦਾ ਸੀ। ਦਿੱਲੀ ਵਿਚ ਬਰਾਮਦ ਡਰੱਗਸ ਦੇ ਮਾਮਲੇ ਵਿਚ ਉਸ ਨੂੰ 15 ਸਾਲ ਦੀ ਸਜ਼ਾ ਹੋਈ ਸੀ। ਇਸ ਤਰ੍ਹਾਂ ਰਾਜਾ ਨੂੰ ਦੋ ਮਾਮਲਿਆਂ ਵਿਚ ਸਜ਼ਾ ਹੋ ਚੁਕੀ ਹੈ, ਜਦਕਿ ਦੋ ਵਿਚ ਉਹ ਬਰੀ ਹੋ ਚੁਕਾ ਹੈ।
ਜਗਦੀਸ਼ ਭੋਲਾ ਡਰੱਗ ਮਾਮਲੇ ‘ਚ ਵੀ ਆਇਆ ਸੀ ਨਾਮ
ਰਾਜਾ ਕੰਦੌਲਾ ਦਾ ਨਾਮ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ। ਉਸ ਸਮੇਂ ਜਾਂਚ ਏਜੰਸੀਆਂ ਜਗਦੀਸ਼ ਭੋਲਾ ਨੂੰ ਵੱਡੇ ਡਰੱਗ ਨੈੱਟਵਰਕ ਵਿਚ ਮੁੱਖ ਕੜੀ ਮੰਨਦੀਆਂ ਸਨ। ਆਈਸ ਡਰੱਗ (ਕ੍ਰਿਸਟਲ ਮੇਥ) ਤਸਕਰੀ ਦੇ ਮਾਮਲਿਆਂ ਵਿਚ ਉਸ ਦਾ ਨਾਮ ਕਈ ਵਾਰ ਸਾਹਮਣੇ ਆਇਆ। ਸੂਤਰਾਂ ਮੁਤਾਬਕ ਰਾਜਾ ਕਾਫ਼ੀ ਸਮੇਂ ਤੋਂ ਮੁੰਬਈ ਵਿਚ ਰਹਿ ਰਿਹਾ ਸੀ ਅਤੇ ਉਥੋਂ ਹੀ ਆਪਣਾ ਕਾਰੋਬਾਰ ਚਲਾਉਂਦਾ ਸੀ।

