#INDIA

ਕੇਂਦਰ ਵੱਲੋਂ 131 ਪਦਮ ਪੁਰਸਕਾਰਾਂ ਦਾ ਐਲਾਨ

– ਅਦਾਕਾਰ ਧਰਮਿੰਦਰ ਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਅਛੂਤਾਨੰਦਨ ਨੂੰ ਪਦਮ ਵਿਭੂਸ਼ਣ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਪੰਜ ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਸ਼ਾਮਲ ਹਨ। ਅਦਾਕਾਰ ਧਰਮਿੰਦਰ ਅਤੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਤੇ ਉੱਘੇ ਖੱਬੇ ਪੱਖੀ ਆਗੂ ਵੀ.ਐੱਸ. ਅਛੂਤਾਨੰਦਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ ਟੀ ਥੌਮਸ, ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ ਤੇ ਵਾਇਲਨ ਵਾਦਕ ਐੱਨ ਰਾਜਮ ਅਤੇ ਉੱਘੇ ਮਲਿਆਲਮ ਪੱਤਰਕਾਰ ਪੀ ਨਰਾਇਣਨ ਨੂੰ ਵੀ ਪਦਮ ਵਿਭੂਸ਼ਣ ਮਿਲੇਗਾ।
ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੋਗੇ ਦੀ ਹਰਮਨਪ੍ਰੀਤ ਕੌਰ, ਸੰਤ ਨਿਰੰਜਣ ਦਾਸ, ਬਲਦੇਵ ਸਿੰਘ ਅਤੇ ਸਾਬਕਾ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ (ਚੰਡੀਗੜ੍ਹ) ਨੂੰ ਪਦਮ ਸ੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪਿੱਠਵਰਤੀ ਗਾਇਕਾ ਅਲਕਾ ਯਾਗਨਿਕ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ, ਅਦਾਕਾਰ ਮਮੂਤੀ ਅਤੇ ਬੈਂਕਰ ਉਦੇ ਕੋਟਕ ਨੂੰ ਪਦਮ ਭੂਸ਼ਣ ਮਿਲੇਗਾ। ਐਡ ਗੁਰੂ ਪਿਯੂਸ਼ ਪਾਂਡੇ, ਜੇ.ਐੱਮ.ਐੱਮ. ਬਾਨੀ ਸ਼ਿਬੂ ਸੋਰੇਨ ਅਤੇ ਭਾਜਪਾ ਆਗੂ ਵੀ.ਕੇ. ਮਲਹੋਤਰਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਜਦਕਿ ਅਦਾਕਾਰ ਤੇ ਕਾਮੇਡੀਅਨ ਸਤੀਸ਼ ਸ਼ਾਹ ਨੂੰ ਪਦਮ ਸ੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਪਦਮ ਪੁਰਸਕਾਰਾਂ ‘ਚੋਂ 90 ਹਸਤੀਆਂ ਮਹਿਲਾਵਾਂ ਹਨ ਅਤੇ ਸੂਚੀ ‘ਚ ਵਿਦੇਸ਼ੀਆਂ, ਐੱਨ.ਆਰ.ਆਈ., ਪੀ.ਆਈ.ਓ. ਅਤੇ ਓ.ਸੀ.ਆਈ. ਦੇ ਵਰਗ ‘ਚੋਂ ਛੇ ਨਾਮ ਸ਼ਾਮਲ ਹਨ; 16 ਨੂੰ ਮਰਨ ਉਪਰੰਤ ਪੁਰਸਕਾਰ ਦਿੱਤਾ ਗਿਆ ਹੈ।
ਟੈਨਿਸ ਖਿਡਾਰੀ ਰਹੇ ਵਿਜੇ ਅੰਮ੍ਰਿਤਰਾਜ, ਕ੍ਰਿਕਟਰ ਰੋਹਿਤ ਸ਼ਰਮਾ ਅਤੇ ਹਾਕੀ ਖਿਡਾਰਨ ਸਵਿਤਾ ਪੂਨੀਆ ਨੂੰ ਪਦਮ ਸ੍ਰੀ ਮਿਲੇਗਾ। ਮੰਤਰਾਲੇ ਨੇ ਕਿਹਾ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਐੱਮ ਜਗਦੀਸ਼ ਕੁਮਾਰ, ਪ੍ਰਸਾਰ ਭਾਰਤੀ ਦੇ ਸੀ.ਈ.ਓ. ਸ਼ਸ਼ੀ ਸ਼ੇਖਰ ਵੇਂਪਤੀ ਅਤੇ ਅਦਾਕਾਰ ਆਰ ਮਾਧਵਨ ਤੇ ਪ੍ਰਸਨਜੀਤ ਚੈਟਰਜੀ ਦੇ ਨਾਮ ਵੀ ਪਦਮ ਸ੍ਰੀ ਹਾਸਲ ਕਰਨ ਵਾਲਿਆਂ ‘ਚ ਸ਼ਾਮਲ ਹਨ।