ਚੀਨ ਨਾਲ ਵਪਾਰਕ ਸਮਝੌਤੇ ਤੋਂ ਅਮਰੀਕਾ ਨਾਰਾਜ਼;
ਚੀਨੀ ਵਸਤਾਂ ਨੂੰ ਅਮਰੀਕਾ ਭੇਜਣ ਲਈ ਕੈਨੇਡਾ ਨੂੰ ਡਰੌਪ ਆਫ ਪੋਰਟ ਨਾ ਬਣਾਏ ਕੈਨੇਡਾ: ਟਰੰਪ
ਵਾਸ਼ਿੰਗਟਨ, 24 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਚੀਨ ਨਾਲ ਸੰਭਾਵਿਤ ਵਪਾਰਕ ਸੌਦੇ ‘ਤੇ ਕੈਨੇਡਾ ‘ਤੇ 100 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇ ਇਹ ਦੇਸ਼ ਚੀਨ ਨਾਲ ਵਪਾਰਕ ਸੌਦਾ ਕਰਦਾ ਹੈ, ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਮਾਨ ‘ਤੇ 100 ਫੀਸਦੀ ਟੈਕਸ ਲਾ ਦੇਵੇਗਾ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਕਾਰਨੀ ਨੂੰ ਗਵਰਨਰ ਵਜੋਂ ਸੰਬੋਧਨ ਕਰਦਿਆਂ ਪੋਸਟ ਕੀਤੀ, ‘ਜੇਕਰ ਗਵਰਨਰ ਕਾਰਨੀ ਸੋਚਦੇ ਹਨ ਕਿ ਉਹ ਚੀਨ ਲਈ ਸੰਯੁਕਤ ਰਾਜ ਅਮਰੀਕਾ ਵਿਚ ਸਾਮਾਨ ਅਤੇ ਉਤਪਾਦ ਭੇਜਣ ਲਈ ਕੈਨੇਡਾ ਨੂੰ ਡਰੌਪ ਆਫ ਪੋਰਟ ਬਣਾਉਣ ਜਾ ਰਹੇ ਹਨ, ਤਾਂ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਚੀਨ ਕੈਨੇਡਾ ਦੇ ਹਿੱਤ ਪ੍ਰਭਾਵਿਤ ਕਰੇਗਾ ਤੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗਾ। ਜੇਕਰ ਕੈਨੇਡਾ ਚੀਨ ਨਾਲ ਕੋਈ ਸੌਦਾ ਕਰਦਾ ਹੈ, ਤਾਂ ਅਮਰੀਕਾ ਵਿਚ ਆਉਣ ਵਾਲੇ ਸਾਰੇ ਕੈਨੇਡੀਅਨ ਸਾਮਾਨ ਅਤੇ ਉਤਪਾਦਾਂ ‘ਤੇ 100% ਟੈਰਿਫ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਅਣਕਿਆਸੀਆਂ ਅਤੇ ਸਖ਼ਤ ਵਪਾਰਕ ਨੀਤੀਆਂ ਤੋਂ ਤੰਗ ਆ ਕੇ ਕੈਨੇਡਾ ਨਵੇਂ ਰਾਹ ਤਲਾਸ਼ ਰਿਹਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਵਾਹਨਾਂ (ਈ.ਵੀ.) ‘ਤੇ ਲਾਇਆ 100 ਫੀਸਦੀ ਦਰਾਮਦ ਟੈਕਸ ਘਟਾ ਕੇ ਮਹਿਜ਼ 6.1 ਫੀਸਦੀ ਕਰ ਦਿੱਤਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਇਹ ਛੋਟ ਸੀਮਤ ਹੈ। ਇਸ ਤਹਿਤ ਫਿਲਹਾਲ ਸਾਲਾਨਾ 49,000 ਗੱਡੀਆਂ ਹੀ ਮੰਗਵਾਈਆਂ ਜਾ ਸਕਣਗੀਆਂ, ਪਰ ਪੰਜ ਸਾਲਾਂ ਵਿਚ ਇਹ ਗਿਣਤੀ ਵਧਾ ਕੇ 70,000 ਕਰ ਦਿੱਤੀ ਜਾਵੇਗੀ। ਇਸ ਬਦਲੇ ਚੀਨ ਨੇ ਕੈਨੇਡਾ ਦੇ ਖੇਤੀ ਉਤਪਾਦਾਂ, ਖਾਸਕਰ ਕੈਨੋਲਾ ਬੀਜਾਂ ‘ਤੇ ਲੱਗਣ ਵਾਲੀ ਡਿਊਟੀ 84 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕਾਰਨੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੇਈਚਿੰਗ ਵਿਚ ਮੁਲਾਕਾਤ ਦੌਰਾਨ ਸਾਲਾਂ ਦੀ ਕੁੜੱਤਣ ਭੁਲਾ ਕੇ ਆਪਸੀ ਰਿਸ਼ਤੇ ਸੁਧਾਰਨ ਦਾ ਅਹਿਦ ਲਿਆ ਸੀ।
ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਹੁਣ ਅਮਰੀਕਾ ਦੀ ਬਜਾਏ ਚੀਨ ਨਾਲ ਸਬੰਧ ਸੁਧਾਰਨ ਨੂੰ ਤਰਜੀਹ ਦੇ ਰਿਹਾ ਹੈ, ਹਾਲਾਂਕਿ ਇਸ ਨਾਲ ਅਮਰੀਕਾ ਨਾਰਾਜ਼ ਹੋ ਗਿਆ ਹੈ। ਟਰੰਪ ਪਹਿਲਾਂ ਹੀ ਕੈਨੇਡਾ ਦੀਆਂ ਕੁਝ ਨੀਤੀਆਂ ਖਿਲਾਫ਼ ਸਖਤ ਰੁਖ ਅਪਣਾ ਚੁੱਕੇ ਹਨ ਅਤੇ ਸਟੀਲ ਤੇ ਐਲੂਮੀਨੀਅਮ ‘ਤੇ ਟੈਰਿਫ ਲਾ ਚੁੱਕੇ ਹਨ।
ਟਰੰਪ ਵੱਲੋਂ ਕੈਨੇਡਾ ‘ਤੇ 100 ਫੀਸਦੀ ਟੈਕਸ ਲਾਉਣ ਦੀ ਚਿਤਾਵਨੀ
