ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਪੰਜਾਬ ਮੇਲ)- ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸ਼ੁੱਕਰਵਾਰ ਰਾਤੀਂ 9:50 ਵਜੇ ਦੇ ਕਰੀਬ ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਦਿੱਲੀ‘ਅੰਮ੍ਰਿਤਸਰ ਮੁੱਖ ਰੇਲਵੇ ਟਰੈਕ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਜਾਂਚ ਵਿਚ ਵਿਸਫੋਟਕਾਂ ਦੇ ਇਸਤੇਮਾਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਰੇਲਵੇ ਪੋਲ ਨੰਬਰ 1208 ’ਤੇ ਪਿੰਡ ਕਾਨਪੁਰ ਨੇੜੇ ਮੁੱਖ ਲਾਈਨ ’ਤੇ ਧਮਾਕਾ ਹੋਇਆ ਅਤੇ ਵਿਸਫੋਟਕਾਂ ਦੀ ਵਰਤੋਂ ਕਰਕੇ 600 ਮੀਟਰ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ। ਖੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਯਾਤਰੀ ਰੇਲਗੱਡੀ ਨਹੀਂ ਲੰਘੀ ਪਰ ਇੱਕ ਮਾਲ ਗੱਡੀ ਦਾ ਇੰਜਣ ਲੀਹੋਂ ਲੱਥ ਗਿਆ। ਹਾਦਸੇ ਵਿਚ ਮਾਲ ਗੱਡੀ ਦਾ ਡਰਾਈਵਰ ਜ਼ਖ਼ਮੀ ਹੋ ਗਿਆ।

