– ਅਗਲੀ ਸੁਣਵਾਈ 6 ਫਰਵਰੀ ਨੂੰ
– ਬਿਮਾਰੀ ਕਾਰਨ ਲਾਰੈਂਸ ਤੇ ਜੱਗੂ ਭਗਵਾਨਪੂਰੀਆ ਦੇ ਵਕੀਲ ਨਹੀਂ ਪਹੁੰਚੇ; ਪਿਤਾ ਬਲਕੌਰ ਸਿੰਘ ਵੀ ਰਹੇ ਗੈਰ-ਹਾਜ਼ਰ
ਮਾਨਸਾ, 16 ਜਨਵਰੀ (ਪੰਜਾਬ ਮੇਲ)- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਅੱਜ ਮਾਨਸਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਹੋਈ, ਜਿਸ ਵਿਚ ਇੱਕ ਅਹਿਮ ਗਵਾਹ ਦੇ ਬਿਆਨ ਅੰਸ਼ਕ ਰੂਪ ਵਿਚ ਦਰਜ ਕੀਤੇ ਗਏ।
ਅਧਿਕਾਰਤ ਗਵਾਹ ਕਾਂਸਟੇਬਲ ਬਲਕਰਨ ਸਿੰਘ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣੀ ਮੁੱਖ ਗਵਾਹੀ ਦਰਜ ਕਰਵਾਈ। ਹਾਲਾਂਕਿ, ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੂਰੀਆ ਦੇ ਵਕੀਲਾਂ ਦੇ ਸਿਹਤ ਠੀਕ ਨਾ ਹੋਣ ਕਾਰਨ ਅਦਾਲਤ ਵਿਚ ਹਾਜ਼ਰ ਨਾ ਹੋਣ ਕਰਕੇ ਗਵਾਹ ਤੋਂ ਸਵਾਲ ਨਹੀਂ ਪੁੱਛੇ ਜਾ ਸਕੇ। ਇਸ ਕਾਰਨ ਅਦਾਲਤੀ ਕਾਰਵਾਈ ਨੂੰ ਅੱਗੇ ਪਾਉਣਾ ਪਿਆ।
ਦੂਜੇ ਪਾਸੇ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਜੋ ਕਿ ਇਸ ਕੇਸ ਵਿਚ ਅਹਿਮ ਗਵਾਹ ਹਨ, ਉਹ ਵੀ ਸਿਹਤ ਖ਼ਰਾਬ ਹੋਣ ਕਾਰਨ ਅੱਜ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ।
ਉਨ੍ਹਾਂ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਅਦਾਲਤ ਨੂੰ ਬਲਕੌਰ ਸਿੰਘ ਦੀ ਗੈਰ-ਹਾਜ਼ਰੀ ਦਾ ਕਾਰਨ ਦੱਸਿਆ ਅਤੇ ਭਰੋਸਾ ਦਿੱਤਾ ਕਿ ਉਹ ਅਗਲੀ ਤਰੀਕ ‘ਤੇ ਪੇਸ਼ ਹੋਣ ਦੀ ਕੋਸ਼ਿਸ਼ ਕਰਨਗੇ।
ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਲਈ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਕਤਲ ਮਾਮਲਾ: ਅਦਾਲਤ ‘ਚ ਅਹਿਮ ਗਵਾਹ ਦੇ ਅੰਸ਼ਕ ਰੂਪ ‘ਚ ਬਿਆਨ ਹੋਏ ਦਰਜ

