ਕੋਲਕਾਤਾ, 16 ਜਨਵਰੀ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਨਾਲ ਸਬੰਧਤ ਪ੍ਰਵਾਸੀ ਮਜ਼ਦੂਰਾਂ ਨੂੰ ਖਾਸ ਕਰਕੇ ਭਾਜਪਾ ਸ਼ਾਸਿਤ ਰਾਜਾਂ ‘ਚ ਬੰਗਾਲੀ ਬੋਲਣ ਬਦਲੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ‘ਦੰਗੇ ਭੜਕਾਉਣ ਦੀ ਯੋਜਨਾਬੰਦੀ’ ਕਰ ਰਹੀ ਹੈ। ਬੈਨਰਜੀ ਨੇ ਪ੍ਰਸ਼ਾਸਕੀ ਸਮਾਗਮਾਂ ਲਈ ਉੱਤਰੀ ਬੰਗਾਲ ਰਵਾਨਾ ਹੋਣ ਮੌਕੇ ਇਹ ਗੱਲ ਕਹੀ।
ਮੁਰਸ਼ਿਦਾਬਾਦ ਦੇ ਬੇਲਡਾਂਗਾ ਵਿਚ ਰਾਜ ਤੋਂ ਬਾਹਰ ਪ੍ਰਵਾਸੀ ਮਜ਼ਦੂਰਾਂ ‘ਤੇ ਹੋਏ ਕਥਿਤ ਹਮਲਿਆਂ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਦੇ ਗੁੱਸੇ ਨੂੰ ‘ਜਾਇਜ਼’ ਦੱਸਿਆ। ਟੀ.ਐੱਮ.ਸੀ. ਸੁਪਰੀਮੋ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਹਿੰਸਾ ਦੀਆਂ ਵਾਰ-ਵਾਰ ਵਾਪਰੀਆਂ ਘਟਨਾਵਾਂ ਤੋਂ ਪੈਦਾ ਹੋਇਆ ਹੈ। ਉਨ੍ਹਾਂ ਸ਼ਹਿਰ ਦੇ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ, ”ਬੰਗਾਲ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਸਿਰਫ਼ ਭਾਜਪਾ ਸ਼ਾਸਿਤ ਰਾਜਾਂ ਵਿਚ ਬੰਗਾਲੀ ਬੋਲਣ ਕਾਰਨ ਤਸੀਹੇ ਦਿੱਤੇ ਜਾ ਰਹੇ ਹਨ। ਇਹ ਗੈਰ-ਕਾਨੂੰਨੀ ਹੈ ਅਤੇ ਅਜਿਹਾ ਵਰਤਾਰਾ ਨਹੀਂ ਚੱਲ ਸਕਦਾ। ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ।”
ਬੰਗਾਲੀ ਬੋਲਦੇ ਪ੍ਰਵਾਸੀ ਕਾਮਿਆਂ ਨੂੰ ਭਾਜਪਾ ਸ਼ਾਸਿਤ ਰਾਜਾਂ ‘ਚ ਤਸੀਹੇ ਦਿੱਤੇ ਜਾ ਰਹੇ: ਮਮਤਾ

