ਕੋਲਕਾਤਾ ਤੋਂ ਗ੍ਰਿਫ਼ਤਾਰ ਕਰ ਕੇ ਲਿਆਂਦੇ ਮੁਲਜ਼ਮ ਮੋਹਾਲੀ ਦੀ ਅਦਾਲਤ ‘ਚ ਪੇਸ਼
ਐੱਸ.ਏ.ਐੱਸ. ਨਗਰ (ਮੋਹਾਲੀ), 15 ਜਨਵਰੀ (ਪੰਜਾਬ ਮੇਲ)-ਇਥੋਂ ਦੇ ਸੋਹਾਣਾ ਵਿਚ 15 ਦਸੰਬਰ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿਚ ਹਾਵੜਾ ਰੇਲਵੇ ਸਟੇਸ਼ਨ ਕੋਲਕਾਤਾ ਤੋਂ ਕਾਬੂ ਕੀਤੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਮੋਹਾਲੀ ਲੈ ਆਈ ਹੈ। ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮੋਹਾਲੀ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ੂਟਰ ਅਦਿੱਤਿਆ ਕਪੂਰ ਉਰਫ਼ ਮੱਖਣ, ਵਿਦੇਸ਼ ਬੈਠੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੌਨੀ ਬਲ ਅਤੇ ਅਮਰਜੀਤ ਸਿੰਘ ਉਰਫ਼ ਖੱਬਾ ਤੋਂ ਬਿਨਾਂ ਬਾਕੀ ਸਾਰੇ ਮੁਲਜ਼ਮ ਕਾਬੂ ਕਰ ਲਏ ਗਏ ਹਨ। ਮੁਲਜ਼ਮ ਵਾਰਦਾਤ ਮਗਰੋਂ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ ਸਨ ਤੇ ਫਿਰ ਟੈਕਸੀ ਲੈ ਕੇ ਸੋਨੀਪਤ ਪਹੁੰਚੇ। ਇਸ ਤੋਂ ਬਾਅਦ ਦੂਜੀ ਟੈਕਸੀ ਲੈ ਕੇ ਦਿੱਲੀ ਗਏ, ਜਿੱਥੋਂ ਮੁੰਬਈ, ਕੋਲਕਾਤਾ, ਸਿਲੀਗੁੜੀ ਘੁੰਮਦੇ ਹੋਏ ਮੁੜ ਕੋਲਕਾਤਾ ਪੁੱਜੇ। ਪੁਲਿਸ ਦੀਆਂ ਟੀਮਾਂ ਨੇ ਏ.ਜੀ.ਟੀ.ਐੱਫ. ਦੇ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕੋਲਕਾਤਾ ਤੋਂ ਮੁਲਜ਼ਮਾਂ ਨੂੰ ਕਾਬੂ ਕੀਤਾ। ਕੋਲਕਾਤਾ ਤੋਂ ਗ੍ਰਿਫ਼ਤਾਰ ਮੁਲਜ਼ਮਾਂ ‘ਚ ਕਰਨ ਪਾਠਕ (23) ਉਰਫ਼ ਕਰਣ ਡਿਫਾਲਟਰ, ਵਾਸੀ ਅੰਮ੍ਰਿਤਸਰ ਸ਼ਾਮਲ ਹੈ। ਕਰਣ ਨੇ ਆਦਿਤਿਆ ਉਰਫ਼ ਮੱਖਣ ਨਾਲ ਮਿਲ ਕੇ ਰਾਣਾ ਬਲਾਚੌਰੀਆ ‘ਤੇ ਗੋਲੀਆਂ ਚਲਾਈਆਂ ਸਨ। ਦੂਜਾ ਮੁਲਜ਼ਮ ਤਰਨਦੀਪ ਸਿੰਘ (25) ਵਾਸੀ ਪਿੰਡ ਬਾੜੇਵਾਲ (ਲੁਧਿਆਣਾ) ਹੈ। ਉਸ ਨੇ ਵਾਰਦਾਤ ਮਗਰੋਂ ਸ਼ੂਟਰਾਂ ਦੀ ਭੱਜਣ ਵਿਚ ਮਦਦ ਕੀਤੀ ਸੀ। ਤੀਜਾ ਮੁਲਜ਼ਮ ਸੁਖਸ਼ੇਰਪਾਲ ਸਿੰਘ (22) ਉਰਫ਼ ਆਕਾਸ਼ ਉੱਪਲ ਵਾਸੀ ਪਿੰਡ ਉੱਪਲ (ਤਰਨ ਤਾਰਨ) ਹੈ। ਉਸ ਨੇ ਸਾਜ਼ਿਸ਼ ਅਤੇ ਰੇਕੀ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਰਾਣਾ ਬਲਾਚੌਰੀਆ ਕਤਲ ਮਾਮਲੇ ‘ਚ 3 ਹੋਰ ਕਾਬੂ

