ਕਿਹਾ: ਬੰਗਾਲ ਦੇ 54 ਲੱਖ ਜਾਇਜ਼ ਵੋਟਰਾਂ ਦੇ ਨਾਂ ਕੱਟੇ ਗਏ
ਕੋਲਕਾਤਾ, 15 ਜਨਵਰੀ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਸੂਬੇ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ.ਆਈ.ਆਰ.) ਦੌਰਾਨ 54 ਲੱਖ ਨਾਂ ਇਕਪਾਸੜ ਢੰਗ ਨਾਲ ਅਤੇ ਚੋਣ ਰਜਿਸਟਰੇਸ਼ਨ ਅਧਿਕਾਰੀਆਂ (ਈ.ਆਰ.ਓ.) ਦੀ ਤਾਕਤਾਂ ਦੀ ਦੁਰਵਰਤੋਂ ਕਰਕੇ ਹਟਾਏ ਗਏ ਹਨ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਵੋਟਰਾਂ ਦੇ ਨਾਂ ਕੱਟੇ ਗਏ, ਉਨ੍ਹਾਂ ‘ਚੋਂ ਜ਼ਿਆਦਾਤਰ ‘ਜਾਇਜ਼ ਵੋਟਰ’ ਸਨ, ਜਿਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਨਾਂ ਹਟਾਏ ਜਾਣ ਦੇ ਕਾਰਨਾਂ ਬਾਰੇ ਦੱਸਿਆ ਤੱਕ ਨਹੀਂ ਗਿਆ।
ਮੁੱਖ ਮੰਤਰੀ ਨੇ ਸੂਬਾ ਸਕੱਤਰੇਤ ‘ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ”ਚੋਣ ਕਮਿਸ਼ਨ ਨੇ ਦਿੱਲੀ ‘ਚ ਬੈਠ ਕੇ ਭਾਜਪਾ ਵੱਲੋਂ ਵਿਕਸਿਤ ਏ.ਆਈ. ਸਾਫਟਵੇਅਰ ਦੀ ਵਰਤੋਂ ਕਰਕੇ ਨਾਂ ਹਟਾਏ ਹਨ। ਇਹ ਸਾਫ਼ਟਵੇਅਰ ਐੱਸ.ਆਈ.ਆਰ. ‘ਚ ਨਾਵਾਂ ਦੇ ਮਿਲਾਨ ਦੌਰਾਨ ਹੋਈਆਂ ਗੜਬੜੀਆਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਔਰਤਾਂ ਦੇ ਨਾਂ ਕੱਟ ਦਿੱਤੇ ਗਏ, ਜਿਨ੍ਹਾਂ ਵਿਆਹ ਮਗਰੋਂ ਉਪ ਨਾਂ ਬਦਲ ਲਏ। ਉਨ੍ਹਾਂ ਵੋਟਰਾਂ ਨੂੰ ਵੀ ‘ਮਰਿਆ’ ਹੋਇਆ ਐਲਾਨ ਦਿੱਤਾ ਗਿਆ, ਜੋ ਹਾਲੇ ਵੀ ਜਿਊਂਦੇ ਹਨ।” ਉਨ੍ਹਾਂ ਦੋਸ਼ ਲਾਇਆ ਕਿ ‘ਭਾਜਪਾ-ਚੋਣ ਕਮਿਸ਼ਨ ਦਾ ਗੱਠਜੋੜ’ ਅੰਤਿਮ ਵੋਟਰ ਸੂਚੀ ‘ਚੋਂ ਇਕ ਕਰੋੜ ਹੋਰ ਨਾਂ ਹਟਾਉਣ ਦੀ ਯੋਜਨਾ ਬਣਾ ਰਿਹਾ ਹੈ। ਚੋਣ ਕਮਿਸ਼ਨ ਨੇ ਬੂੱਥ ਪੱਧਰੀ ਏਜੰਟ-2 ਨੂੰ ਐੱਸ.ਆਈ.ਆਰ. ਸਬੰਧੀ ਸੁਣਵਾਈ ‘ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਭਾਜਪਾ ਇਸ ਕੰਮ ਲਈ ਆਪਣੇ ਕਾਰਕੁੰਨ ਇਕੱਠੇ ਨਹੀਂ ਕਰ ਸਕੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਰਤੀ ਸੈਨਾ ਦੀ ਪੂਰਬੀ ਕਮਾਨ ਹੈੱਡਕੁਆਰਟਰ ਫੋਰਟ ਵਿਲੀਅਮ ‘ਚ ਕਮਾਂਡੈਂਟ ਰੈਂਕ ਦਾ ਅਧਿਕਾਰੀ ਭਾਜਪਾ ਦੇ ਇਸ਼ਾਰੇ ‘ਤੇ ਐੱਸ.ਆਈ.ਆਰ. ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਹਾਲਾਂਕਿ ਇਸ ਸਬੰਧੀ ਹੋਰ ਵੇਰਵੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਪੰਜ ਪੱਤਰ ਲਿਖ ਕੇ ਪਹਿਲਾਂ ਹੀ ਵੋਟਰ ਸੂਚੀ ‘ਚ ਗੜਬੜੀਆਂ, ਇਕਪਾਸੜ ਫੈਸਲਿਆਂ ਤੇ ਡਿਜ਼ੀਟਲੀਕਰਨ ਸਬੰਧੀ ਖਾਮੀਆਂ ਬਾਰੇ ਸ਼ਿਕਾਇਤ ਕਰ ਚੁੱਕੀ ਹੈ, ਜਿਨ੍ਹਾਂ ਕਾਰਨ ਸੂਬੇ ‘ਚ ਵੋਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਮਤਾ ਬੈਨਰਜੀ ਵੱਲੋਂ ਚੋਣ ਕਮਿਸ਼ਨ ‘ਤੇ ਤਾਕਤਾਂ ਦੀ ਦੁਰਵਰਤੋਂ ਦਾ ਦੋਸ਼

