#AMERICA

ਦੰਦਾਂ ਦੇ ਡਾਕਟਰ ਤੇ ਉਸ ਦੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪਤੀ ਗ੍ਰਿਫਤਾਰ

ਸੈਕਰਾਮੈਂਟੋ, 15 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਲੀਨੋਇਸ, ਓਹਾਇਓ ਵਿਚ ਦੰਦਾਂ ਦੇ ਡਾਕਟਰ ਸਪੈਨਸਰ ਟੇਪੇ (37) ਤੇ ਉਸ ਦੀ ਪਤਨੀ ਮੋਨੀਕ ਟੇਪੇ (39) ਦੀ ਪਿਛਲੇ ਦਿਨੀਂ ਉਨ੍ਹਾਂ ਦੇ ਘਰ ਵਿਚ ਹੀ ਹੋਈ ਹੱਤਿਆ ਦੇ ਮਾਮਲੇ ਵਿਚ ਡਾਕਟਰ ਮਾਈਕਲ ਡੇਵਿਡ ਮੈਕੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮੋਨੀਕ ਟੇਪੇ ਦਾ ਸਾਬਕਾ ਪਤੀ ਹੈ। ਮੋਨੀਕ ਤੇ ਮੈਕੀ ਦਾ ਵਿਆਹ ਬਹੁਤ ਥੋੜਾਂ ਸਮਾਂ ਕਾਇਮ ਰਿਹਾ ਸੀ ਤੇ ਕੋਈ ਦਹਾਕਾ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਮੈਕੀ ਇਲੀਨੋਇਸ ਪੁਲਿਸ ਦੀ ਹਿਰਾਸਤ ਵਿਚ ਹੈ ਤੇ ਉਸ ਵਿਰੁੱਧ ਦੋ ਹੱਤਿਆਵਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਮੈਕੀ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ ਕੁਝ ਮਿੰਟਾਂ ਦੀ ਸੁਣਵਾਈ ਉਪਰੰਤ ਉਸ ਨੂੰ ਵਾਪਸ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਮੈਕੀ ਦੇ ਵਕੀਲ ਨੇ ਕਿਹਾ ਹੈ ਕਿ ਉਹ ਦੋਸ਼ੀ ਨਹੀਂ ਹੈ ਤੇ ਇਸ ਸਬੰਧੀ ਉਹ ਛੇਤੀ ਅਪੀਲ ਦਾਇਰ ਕਰੇਗਾ। ਇਥੇ ਜ਼ਿਕਰਯੋਗ ਹੈ ਕਿ ਟੇਪੇ ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵੇਲੇ ਉਨ੍ਹਾਂ ਦੇ ਦੋ ਛੋਟੇ ਬੱਚੇ ਵੀ ਘਰ ਵਿਚ ਮੌਜੂਦਾ ਸਨ, ਜਿਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ।