#AMERICA

ਟਰੰਪ ਨੇ ਕਿਊਬਾ ‘ਤੇ ਹਮਲੇ ਕਰਨ ਦੀ ਦਿੱਤੀ ਖੁੱਲ੍ਹੀ ਧਮਕੀ!

-ਮਾਰਕੋ ਰੂਬੀਓ ਨੂੰ ਰਾਸ਼ਟਰਪਤੀ ਬਣਾਉਣ ਦਾ ਕੀਤਾ ਸਮਰਥਨ
ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਖੀ ਬਿਆਨਬਾਜ਼ੀ ਕਰਦੇ ਹੋਏ ਕਿਊਬਾ ‘ਤੇ ਹਮਲੇ ਦੇ ਸੰਕੇਤ ਦਿੱਤੇ ਹਨ। ਟਰੰਪ ਨੇ ਕਿਊਬਾ ਨੂੰ ਧਮਕਾਉਂਦੇ ਹੋਏ ਡੀਲ ਫਾਈਨਲ ਕਰਨ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਹੈ। ਇੰਨਾ ਹੀ ਨਹੀਂ, ਟਰੰਪ ਨੇ ਆਪਣੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਕਿਊਬਾ ਦਾ ਰਾਸ਼ਟਰਪਤੀ ਬਣਾਉਣ ਨੂੰ ‘ਚੰਗਾ ਵਿਚਾਰ’ ਦੱਸ ਕੇ ਨਵਾਂ ਵਿਵਾਦ ਵੀ ਪੈਦਾ ਕਰ ਦਿੱਤਾ ਹੈ। ਟਰੰਪ ਦਾ ਇਹ ਬਿਆਨ ਉਨ੍ਹਾਂ ਵੱਲੋਂ ਦੁਨੀਆਂ ਦੇ ਕਈ ਦੇਸ਼ਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਲੜੀ ‘ਚ ਆਇਆ ਹੈ। ਅਮਰੀਕਾ ਹਾਲ ਹੀ ‘ਚ ਵੈਨੇਜ਼ੁਏਲਾ ‘ਚ ਹਮਲਾ ਕਰ ਚੁੱਕਾ ਹੈ। ਟਰੰਪ ਨੇ ਈਰਾਨ ਅਤੇ ਗ੍ਰੀਨਲੈਂਡ ‘ਤੇ ਅਟੈਕ ਦੀ ਗੱਲ ਵੀ ਕਹੀ ਹੈ।
ਡੋਨਾਲਡ ਟਰੰਪ ਨੇ ਕਿਊਬਾ ਨੂੰ ਕਿਹਾ ਹੈ ਕਿ ਡੀਲ ‘ਚ ਜ਼ਿਆਦਾ ਦੇਰ ਕਰਨਾ ਉਨ੍ਹਾਂ ਲਈ ਬੁਰਾ ਸਾਬਿਤ ਹੋਵੇਗਾ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਕਿਊਬਾ ਨੂੰ ਵੈਨੇਜ਼ੁਏਲਾ ਤੋਂ ਤੇਲ ਅਤੇ ਪੈਸੇ ਦਾ ਫਲੋਅ ਹੁਣ ਬੰਦ ਹੋ ਜਾਵੇਗਾ। ਅਮਰੀਕਾ ਨੇ 3 ਜਨਵਰੀ ਨੂੰ ਵੈਨੇਜ਼ੁਏਲਾ ‘ਤੇ ਹਮਲਾ ਕਰਦੇ ਹੋਏ ਉਸ ਦੇ ਨੇਤਾ ਨੂੰ ਫੜਿਆ ਹੈ। ਕਿਊਬਾ ਨੂੰ ਲੰਬੇ ਸਮੇਂ ਤੋਂ ਸਹਿਯੋਗੀ ਵੈਨੇਜ਼ੁਏਲਾ ਤੋਂ ਤੇਲ ਮਿਲਦਾ ਰਿਹਾ ਹੈ। ਟਰੰਪ ਹੁਣ ਵੈਨੇਜ਼ੁਏਲਾ ‘ਤੇ ਅਮਰੀਕੀ ਕੰਟਰੋਲ ਦੀ ਗੱਲ ਕਹਿੰਦੇ ਹੋਏ ਕਿਊਬਾ ਨੂੰ ਧਮਕਾ ਰਹੇ ਹਨ।
ਡੋਨਾਲਡ ਟਰੰਪ ਨੇ ਐਤਵਾਰ ਨੂੰ ਟਰੂਥ ਸੋਸ਼ਲ ‘ਤੇ ਆਪਣੀ ਇਕ ਪੋਸਟ ‘ਚ ਲਿਖਿਆ, ‘ਕਿਊਬਾ ਕਈ ਸਾਲਾਂ ਤੱਕ ਵੈਨੇਜ਼ੁਏਲਾ ਤੋਂ ਭਾਰੀ ਮਾਤਰਾ ‘ਚ ਮਿਲੇ ਤੇਲ ਅਤੇ ਪੈਸੇ ‘ਤੇ ਜ਼ਿੰਦਾ ਰਿਹਾ ਹੈ। ਬਦਲੇ ‘ਚ ਕਿਊਬਾ ਨੇ ਪਿਛਲੇ ਵੈਨੇਜ਼ੁਏਲਾ ਦੇ ਤਾਨਾਸ਼ਾਹਾਂ ਨੂੰ ਸੁਰੱਖਿਆ ਸੇਵਾਵਾਂ ਦਿੱਤੀਆਂ ਪਰ ਹੁਣ ਇਹ ਨਹੀਂ ਹੋਵੇਗਾ। ਹੁਣ ਕਿਊਬਾ ਨੂੰ ਕੋਈ ਤੇਲ ਜਾਂ ਪੈਸਾ ਨਹੀਂ ਜਾਵੇਗਾ। ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਬਹੁਤ ਦੇਰ ਹੋਣ ਤੋਂ ਪਹਿਲਾਂ ਡੀਲ ਕਰ ਲੈਣ।’ ਕਿਊਬਾ ਸਰਕਾਰ ਨੇ ਟਰੰਪ ਦੀਆਂ ਤਾਜ਼ਾ ਧਮਕੀਆਂ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਪਹਿਲਾਂ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼ ਕੈਨੇਲ ਨੇ ਕਿਹਾ ਸੀ ਕਿ ਵੈਨੇਜ਼ੁਏਲਾ ‘ਚ ਮਾਰੇ ਗਏ 32 ਬਹਾਦਰ ਕਿਊਬਾ ਦੇ ਲੜਾਕਿਆਂ ਨੂੰ ਸ਼ਾਹੀ ਵਰਦੀ ‘ਚ ਅੱਤਵਾਦੀਆਂ ਦਾ ਸਾਹਮਣਾ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ। ਕਿਊਬਾ ਦੀ ਆਰਮੀ ਦੇ ਕਮਾਂਡੋ ਕਈ ਸਾਲ ਤੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਸੁਰੱਖਿਆ ‘ਚ ਤਾਇਨਾਤ ਸਨ।
ਡੋਨਾਲਡ ਟਰੰਪ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਕਿਊਬਾ ਦਾ ਰਾਸ਼ਟਰਪਤੀ ਬਣਾਉਣ ਦਾ ਵੀ ਸਮਰਥਨ ਕੀਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਦੇ ਇਕ ਪੋਸਟ ‘ਤੇ ਕੁਮੈਂਟ ਕੀਤਾ ਹੈ। ਇਸ ਪੋਸਟ ‘ਚ ਕਿਹਾ ਗਿਆ ਸੀ ਕਿ ਰੂਬੀਓ ਨੂੰ ਕਿਊਬਾ ਦਾ ਰਾਸ਼ਟਰਪਤੀ ਬਣਾਇਆ ਜਾਵੇ।
ਇਸ ‘ਤੇ ਟਰੰਪ ਨੇ ਲਿਖਿਆ, ‘ਮੈਨੂੰ ਇਹ ਵਿਚਾਰ ਸੁਣਨ ‘ਚ ਚੰਗਾ ਲੱਗ ਰਿਹਾ ਹੈ।’ ਇਕ ਦੇਸ਼ ਦਾ ਰਾਸ਼ਟਰਪਤੀ ਅਹੁਦਾ ਆਪਣੇ ਮੰਤਰੀ ਨੂੰ ਦੇਣਾ ਮਤਲਬ ਸੱਤਾ ‘ਤੇ ਕਬਜ਼ੇ ਨੂੰ ਲੈ ਕੇ ਟਰੰਪ ਦਾ ਬਿਆਨ ਵਿਵਾਦ ਪੈਦਾ ਕਰ ਸਕਦਾ ਹੈ।