ਮੋਗਾ/ਫਿਰੋਜ਼ਪੁਰ, 8 ਜਨਵਰੀ (ਪੰਜਾਬ ਮੇਲ)- ਮੋਗਾ ਅਤੇ ਫਿਰੋਜ਼ਪੁਰ ਵਿੱਚ ਅਦਾਲਤ ਨੂੰ ਬੰਬ ਦੀ ਧਮਕੀ ਮਿਲਣ ਦੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਫਿਰੋਜ਼ਪੁਰ ਵਿੱਚ ਪ੍ਰਸ਼ਾਸਨ ਵੱਲੋਂ ਬੰਬ ਦੀ ਖਬਰ ਕਾਰਨ ਕਚਿਹਰੀ ਦੇ ਸਾਰੇ ਗੇਟ ਬੰਦ ਕਰਵਾਏ ਗਏ। ਪ੍ਰਸ਼ਾਸਨ ਨੇ ਸਟਾਫ ਅਤੇ ਵਕੀਲਾਂ ਸਮੇਤ ਹੋਰ ਅਮਲੇ ਨੂੰ ਕਚਿਹਰੀ ਖਾਲੀ ਕਰਨ ਲਈ ਕਿਹਾ ਹੈ ਅਤੇ 1 ਵਜੇ ਤੱਕ ਕਚਿਹਰੀ ਬੰਦ ਕੀਤੇ ਜਾਣ ਦੀ ਹੁਕਮ ਜਾਰੀ ਕੀਤੇ ਗਏ ਹਨ।
ਰੋਪੜ ਅਤੇ ਆਨੰਦਪੁਰ ਸਾਹਿਬ ਦੀਆਂ ਅਦਾਲਤਾਂ ਨੂੰ ਬੰਬ ਦੀ ਧਮਕੀ ਤੋਂ ਬਾਅਦ ਕਰਵਾਇਆ ਗਿਆ ਖਾਲੀ
ਰੋਪੜ ਦੇ ਨਿਆਂ ਕੰਪਲੈਕਸ ਵਿੱਚ ਵੀਰਵਾਰ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਅਧਿਕਾਰੀਆਂ ਨੂੰ ਅਦਾਲਤ ਦੀ ਇਮਾਰਤ ਵਿੱਚ ਬੰਬ ਹੋਣ ਦੀ ਧਮਕੀ ਵਾਲੀ ਇੱਕ ਈਮੇਲ ਪ੍ਰਾਪਤ ਹੋਈ। ਸੁਰੱਖਿਆ ਏਜੰਸੀਆਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਹਤਿਆਤ ਵਜੋਂ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ, ਜਿਸ ਕਾਰਨ ਅਦਾਲਤੀ ਕਾਰਵਾਈ ਅਚਾਨਕ ਰੁਕ ਗਈ।
ਅਧਿਕਾਰਤ ਸੂਤਰਾਂ ਅਨੁਸਾਰ, ਨਿਆਂਇਕ ਅਧਿਕਾਰੀਆਂ ਨੂੰ ਸਵੇਰੇ ਹੀ ਇੱਕ ਧਮਕੀ ਭਰੀ ਈਮੇਲ ਮਿਲੀ ਸੀ, ਜਿਸ ਵਿੱਚ ਅਦਾਲਤ ਦੀ ਇਮਾਰਤ ਨੂੰ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਮਾਮਲਾ ਤੁਰੰਤ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਕੰਪਲੈਕਸ ਦੇ ਅੰਦਰਲੇ ਸਾਰੇ ਕਮਰਿਆਂ ਅਤੇ ਦਫ਼ਤਰਾਂ ਨੂੰ ਖਾਲੀ ਕਰਵਾ ਲਿਆ ਗਿਆ। ਐੱਸ.ਐੱਸ.ਪੀ. ਗੁਲਨੀਤ ਖੁਰਾਣਾ ਨੇ ਦੱਸਿਆ ਕਿ ਪੁਲੀਸ ਨੇ ਧਮਕੀ ਦੇ ਸਰੋਤ ਅਤੇ ਭਰੋਸੇਯੋਗਤਾ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

