#AMERICA

ICE ਵੱਲੋਂ 12 ਹਜ਼ਾਰ ਤੋਂ ਵੱਧ ਨਵੇਂ ਏਜੰਟ ਭਰਤੀ

ਵਾਸ਼ਿੰਗਟਨ ਡੀ.ਸੀ., 7 ਜਨਵਰੀ (ਪੰਜਾਬ ਮੇਲ)- ਹੋਮਲੈਂਡ ਸਕਿਓਰਿਟੀ ਵਿਭਾਗ ਨੇ ਐਲਾਨ ਕੀਤਾ ਹੈ ਕਿ ਇੰਮੀਗ੍ਰੇਸ਼ਨ ਐਂਡ ਕਸਟਮਜ਼ ਇੰਨਫੋਰਸਮੈਂਟ (ICE) ਵੱਲੋਂ 12 ਹਜ਼ਾਰ ਤੋਂ ਵੱਧ ਨਵੇਂ ਏਜੰਟ ਭਰਤੀ ਕੀਤੇ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਅਦੇ ਨੂੰ ਪੂਰਾ ਕਰਨ ਲਈ ਲੱਖਾਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਜ਼ਾਰਾਂ ਨਵੇਂ ICE ਏਜੰਟਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਦੱਸਿਆ ਕਿ ICE ਦੀ ਇਸ ਭਰਤੀ ਲਈ 2 ਲੱਖ, 20 ਹਜ਼ਾਰ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ। ਹੁਣ ਤੱਕ ਇਸ ਸਾਲ ਵਿਚ ਨਵੇਂ ਏਜੰਟਾਂ ਦੀ ਗਿਣਤੀ ਕੁੱਲ ਮਿਲਾ ਕੇ 22 ਹਜ਼ਾਰ ਤੋਂ ਵੱਧ ਹੋ ਗਈ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਵੱਲੋਂ ਇਸ ਭਰਤੀ ਨੂੰ ਆਕਰਸ਼ਿਤ ਕਰਨ ਲਈ ਨਵੇਂ ਏਜੰਟਾਂ ਨੂੰ ਪੰਜਾਹ ਹਜ਼ਾਰ ਡਾਲਰ ਬੋਨਸ ਦੇਣ ਦੀ ਤਜਵੀਜ਼ ਕੀਤੀ ਗਈ ਸੀ, ਜਿਸ ਕਰਕੇ ਬਹੁਤ ਸਾਰੇ ਨੌਜਵਾਨ ਇਹ ਨੌਕਰੀ ਲੈਣ ਲਈ ਉਤਸ਼ਾਹਿਤ ਹੋ ਗਏ।
ਇਸ ਦੌਰਾਨ DHS ਨੇ ਨਵੇਂ ਬਿਨੈਕਾਰਾਂ ਲਈ ਉਮਰ ਪਾਬੰਦੀ ‘ਚ ਢਿੱਲ ਦਿੱਤੀ ਹੈ। ਹੁਣ ਇਸ ਵਿਭਾਗ ਵਿਚ ਭਰਤੀ ਹੋਣ ਦੀ ਹੱਦ ਉਮਰ 18 ਸਾਲ ਤੋਂ 40 ਸਾਲ ਦੇ ਵਿਚਕਾਰ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 4 ਜੁਲਾਈ 2025 ਨੂੰ ਰਾਸ਼ਟਰਪਤੀ ਟਰੰਪ ਵੱਲੋਂ ‘ਵੰਨ ਬਿਊਟੀਫੁੱਲ ਬਿੱਲ’ ਐਕਟ ਕਾਨੂੰਨ ਵਿਚ ਦਸਤਖਤ ਕੀਤੇ ਗਏ ਸਨ, ਜਿਸ ਵਿਚ ਇਹ ਸੰਕੇਤ ਦਿੱਤਾ ਗਿਆ ਸੀ ਕਿ ICE ਲਈ ਵੱਡੇ ਪੱਧਰ ‘ਤੇ ਨਵੀਂ ਭਰਤੀ ਕੀਤੀ ਜਾਵੇਗੀ। ਇਸ ਬਿੱਲ ਲਈ 170 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਰੱਖੀ ਗਈ ਹੈ, ਜਿਸ ਵਿਚ DHS ਅਤੇ ICE ਲਈ ਵੱਡਾ ਹਿੱਸਾ ਸ਼ਾਮਲ ਹੈ। ਇਸ ਬਜਟ ਰਾਹੀਂ ਆਵਾਜਾਈ ਅਤੇ ਟੈਕਨਾਲੋਜੀ ਵਿਚ ਸੁਧਾਰ ਕਰਨ, ਜੇਲ੍ਹਾਂ ਦਾ ਵਿਸਥਾਰ ਕਰਨ ਅਤੇ ਸੁਰੱਖਿਆ ਦਸਤਿਆਂ ਵਿਚ ਨਵੀਂ ਭਰਤੀ ਕਰਨਾ ਸ਼ਾਮਲ ਹਨ।