#AMERICA

ਮਮਦਾਨੀ ਵੱਲੋਂ ਇਜਰਾਈਲ ਸਮੇਤ ਸਾਬਕਾ ਮੇਅਰ ਦੁਆਰਾ ਜਾਰੀ ਹੋਰ ਕਈ ਆਦੇਸ਼ ਰੱਦ

ਸੈਕਰਾਮੈਂਟੋ, 7 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ਸ਼ਹਿਰ ਦੇ ਮੇਅਰ ਜੋਹਰਨ ਮਮਦਾਨੀ ਨੇ ਅਹੁਦਾ ਸੰਭਾਲਣ ਉਪਰੰਤ ਪਹਿਲੇ ਦਿਨ ਉਨ੍ਹਾਂ ਸਾਰੇ ਆਦੇਸ਼ਾਂ ਉਪਰ ਲਕੀਰ ਫੇਰ ਦਿੱਤੀ, ਜੋ ਸਾਬਕਾ ਮੇਅਰ ਏਰਿਕ ਐਡਮਜ਼ ਨੇ 26 ਸਤੰਬਰ 2024 ਵਿਚ ਆਪਣੇ ਉਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਜਾਰੀ ਕੀਤੇ ਸਨ। ਇਨ੍ਹਾਂ ਵਿਚ ਦੋ ਆਦੇਸ਼ ਇਜ਼ਰਾਈਲ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਮਮਦਾਨੀ ਨੇ ਰੱਦ ਕਰ ਦਿੱਤਾ। ਮਮਦਾਨੀ ਨੇ ਸਾਬਕਾ ਮੇਅਰ ਐਡਮਜ਼ ਵੱਲੋਂ ਜਾਰੀ ਉਹ ਆਦੇਸ਼ ਰੱਦ ਕਰ ਦਿੱਤਾ, ਜਿਸ ਤਹਿਤ ਸ਼ਹਿਰ ਦੀਆਂ ਏਜੰਸੀਆਂ ਉਪਰ ਇਜ਼ਰਾਈਲ ਦਾ ਬਾਈਕਾਟ ਕਰਨ ਉਪਰ ਰੋਕ ਲਾਈ ਗਈ ਸੀ। ਮਮਦਾਨੀ ਨੇ ਇੰਟਰਨੈਸ਼ਨਲ ਹੋਲੋਕਾਸਟ ਰਿਮੈਂਬਰੈਂਸ ਅਲਾਇੰਸ ਦੀ ਯਹੂਦੀਆਂ ਵਿਰੋਧੀ ਪ੍ਰੀਭਾਸ਼ਾ ਅਪਣਾਉਣ ਬਾਰੇ ਜਾਰੀ ਆਦੇਸ਼ ਵੀ ਰੱਦ ਕਰ ਦਿੱਤਾ। ਹਾਲਾਂਕਿ ਮਮਦਾਨੀ ਨੇ ਐਡਮਜ਼ ਵੱਲੋਂ ਯਹੂਦੀ ਵਿਰੋਧੀਆਂ ਨਾਲ ਮੁਕਾਬਲੇ ਲਈ ਮਈ ਵਿਚ ਸ਼ੁਰੂ ਕੀਤੇ ਨਵੇਂ ਦਫਤਰ ਨੂੰ ਕਾਇਮ ਰੱਖਿਆ ਹੈ। ਡੈਮੋਕ੍ਰੈਟਿਕ ਸੋਸ਼ਲਿਸਟ ਆਗੂ ਮਮਦਾਨੀ ਜੋ ਮੇਅਰ ਦੀ ਚੋਣ ਜਿੱਤ ਕੇ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਮਾਨ ਮੇਅਰ ਬਣੇ ਹਨ, ਫਲਸਤੀਨੀ ਹੱਕਾਂ ਦੇ ਅਲੰਬਰਦਾਰ ਹਨ। ਮਮਦਾਨੀ ਪਹਿਲਾਂ ਹੀ ਬਾਈਕਾਟ, ਡਿਵੈਸਟਮੈਂਟ, ਸੈਂਕਸ਼ਨਜ (ਬੀ.ਡੀ.ਐੱਸ.) ਮੂਵਮੈਂਟ ਦਾ ਸਮਰਥਨ ਕਰ ਚੁੱਕੇ ਹਨ, ਜਿਸ ਦਾ ਮਕਸਦ ਫਲਸਤੀਨੀਆਂ ਦੇ ਮੁੱਦੇ ‘ਤੇ ਇਜ਼ਰਾਈਲ ਨੂੰ ਮਿਲਦੇ ਕੌਮਾਂਤਰੀ ਸਰਮਥਨ ਨੂੰ ਰੋਕਣਾ ਹੈ। ਮੂਵਮੈਂਟ ਵੱਲੋਂ ਇਜ਼ਰਾਈਲ ਉਪਰ ਕੌਮਾਂਤਰੀ ਆਰਥਿਕ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮਮਦਾਨੀ ਨੇ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਏਰਿਕ ਐਡਮਜ਼ ਵੱਲੋਂ ਜਾਰੀ ਸਾਰੇ ਆਦੇਸ਼ਾਂ ਉਪਰ ਪੁਨਰ ਵਿਚਾਰ ਕਰਨਗੇ।