#AMERICA

ਅਮਰੀਕੀ ਥਿੰਕ ਟੈਂਕ ਵੱਲੋਂ ਚਿਤਾਵਨੀ : 2026 ‘ਚ ਹਥਿਆਰਬੰਦ ਝੜਪਾਂ ‘ਚ ਬਦਲ ਸਕਦੈ ਪਾਕਿ ਦਾ ਭਾਰਤ ਤੇ ਅਫ਼ਗਾਨਿਸਤਾਨ ਨਾਲ ਟਕਰਾਅ

ਵਾਸ਼ਿੰਗਟਨ, 1 ਜਨਵਰੀ (ਪੰਜਾਬ ਮੇਲ)- ਇਕ ਅਮਰੀਕੀ ਥਿੰਕ ਟੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਅਤੇ ਅਫ਼ਗਾਨਿਸਤਾਨ ਨਾਲ ਪਾਕਿਸਤਾਨ ਦਾ ਵਧਦਾ ਟਕਰਾਅ ਸਾਲ 2026 ‘ਚ ਇਕ ਵਾਰ ਫਿਰ ਹਥਿਆਰਬੰਦ ਝੜਪਾਂ ‘ਚ ਬਦਲ ਸਕਦਾ ਹੈ, ਜਿਸ ਨਾਲ ਦੱਖਣੀ ਏਸ਼ੀਆ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਟਕਰਾਅ ਬਿੰਦੂਆਂ ‘ਚ ਸ਼ਾਮਲ ਹੋ ਸਕਦਾ ਹੈ। ਇਹ ਚਿਤਾਵਨੀ ਕੌਂਸਲ ਆਨ ਫਾਰੇਨ ਰਿਲੇਸ਼ਨਜ਼ (ਸੀ.ਐੱਫ.ਆਰ.) ਨੇ ਆਪਣੇ ਸੈਂਟਰ ਫ਼ਾਰ ਪ੍ਰੀਵੈਂਟਿਵ ਐਕਸ਼ਨ ਦੁਆਰਾ ਪ੍ਰਕਾਸ਼ਿਤ ‘ਕਾਨਫ਼ਲਿਕਟਸ ਟੂ ਵਾਚ ਇਨ 2026’ ਸਿਰਲੇਖ ਵਾਲੀ ਆਪਣੀ ਤਾਜ਼ਾ ਰਿਪੋਰਟ ‘ਚ ਜਾਰੀ ਕੀਤੀ ਹੈ।
ਰਿਪੋਰਟ ਅਨੁਸਾਰ ਪਾਕਿ ਅਤੇ ਭਾਰਤ ਵਿਚਕਾਰ ਨਵੇਂ ਸਿਰਿਓਂ ਸ਼ੁਰੂ ਹੋਣ ਵਾਲੇ ਹਥਿਆਰਬੰਦ ਟਕਰਾਅ ਦਾ ਭਾਰਤੀ ਜੰਮੂ-ਕਸ਼ਮੀਰ ਅਤੇ ਪੀ.ਓ.ਕੇ. (ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ) ‘ਤੇ ਵਧੇਰੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ, ਜੋ ਦੋਵਾਂ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਨੂੰ ਫ਼ੌਜੀ ਟਕਰਾਅ ਵੱਲ ਵਾਪਸ ਧੱਕ ਸਕਦਾ ਹੈ। ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨੀ ਫ਼ੌਜ ਦੀ ਸਰਪ੍ਰਸਤੀ ਹੇਠ ਅੱਤਵਾਦੀਆਂ ਦੀਆਂ ਕਸ਼ਮੀਰ ‘ਚ ਵਧਦੀਆਂ ਸਰਗਰਮੀਆਂ ਅਤੇ ਪਾਕਿ ‘ਚ ਅੱਤਵਾਦੀ ਸਮੂਹਾਂ ਵੱਲੋਂ ਬਣਾਏ ਜਾ ਰਹੇ ਸਿਖਲਾਈ ਕੇਂਦਰ ਇਕ ਵਾਰ ਫਿਰ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚਕਾਰ ਸਿੱਧੀਆਂ ਫ਼ੌਜੀ ਝੜਪਾਂ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਖੇਤਰੀ ਸਥਿਰਤਾ ਲਈ ਗੰਭੀਰ ਜੋਖ਼ਮ ਪੈਦਾ ਹੋ ਸਕਦੇ ਹਨ।