#AMERICA

ਕੈਲੀਫੋਰਨੀਆ ‘ਚ ICE ਮੂੰਹ ਢੱਕ ਕੇ ਨਹੀਂ ਕਰ ਸਕਣਗੇ ਕਾਰਵਾਈ

ਸੈਕਰਾਮੈਂਟੋ, 31 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਸਟੇਟ ਨੇ ਇੱਕ ਨਵਾਂ ਬਿੱਲ ਪਾਸ ਕੀਤਾ ਹੈ, ਜਿਸ ਅਨੁਸਾਰ ਹੁਣ 1 ਜਨਵਰੀ, 2026 ਤੋਂ ਕੈਲੀਫੋਰਨੀਆ ਭਰ ‘ਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਫੈਡਰਲ ਏਜੰਟ ਆਪਣੇ ਮੂੰਹ ‘ਤੇ ਮਾਸਕ ਨਹੀਂ ਪਹਿਨ ਸਕਣਗੇ। ਰਾਜ ਦਾ ਕਾਨੂੰਨ ਪਾਸ ਕਰਨ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਇਥੇ ਆਪਣੇ ਚਿਹਰੇ ਢੱਕ ਕੇ ਕਿਸੇ ਨਾਲ ਵੀ ਮਾਰਕੁੱਟ, ਝੂਠੀ ਕੈਦ, ਝੂਠੀ ਗ੍ਰਿਫਤਾਰੀ ਕਰ ਸਕਦੇ ਸੀ, ਜਿਸ ਨੂੰ ਹੁਣ ਰੋਕ ਦਿੱਤਾ ਗਿਆ ਹੈ।
ਇਸ ਕਾਨੂੰਨ ਦੇ ਸਹਿ ਲੇਖਕ ਲਾਸ ਏਂਜਲਸ ਦੇ ਡੈਮੋਕ੍ਰੇਟਿਕ ਅਸੈਂਬਲੀ ਮੈਂਬਰ ਮਾਰਕ ਗੋਂਜ਼ਾਲੇਜ਼ ਨੇ ਕਿਹਾ ਹੈ ਕਿ ਅਗਿਆਤ ਸੰਘੀ ਏਜੰਟਾਂ ‘ਤੇ ਲਗਾਮ ਲਗਾਉਣੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ-ਪਹਿਲ ਇਸ ਬਾਰੇ ਸਾਨੂੰ ਕੋਈ ਤਜ਼ਰਬਾ ਨਹੀਂ ਸੀ, ਪਰ ਇਥੇ ਹੁਣ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਸਨ, ਜਿਸ ਨਾਲ ਅਸੀਂ ਇਸ ਦੀ ਅਸਲੀਅਤ ਦੇਖ ਸਕੇ ਹਾਂ।
ਉਧਰ ਟਰੰਪ ਪ੍ਰਸ਼ਾਸਨ ਨੇ ਇਸ ਬਿੱਲ ਨੂੰ ਰੋਕਣ ਲਈ ਮੁਕੱਦਮਾ ਚਲਾ ਦਿੱਤਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਕੈਲੀਫੋਰਨੀਆ ‘ਚ ਸੰਘੀ ਏਜੰਟਾਂ ਨੂੰ ਅਜਿਹਾ ਕਰਨ ਨਾਲ ਉਹ ਜ਼ੋਖਿਮ ਵਿਚ ਪੈ ਸਕਦੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।