#INDIA

ਇੰਡੀਗੋ ਫਲਾਈਟਾਂ ਦੇ ਚੱਕਾ ਜਾਮ ਦੀ ਜਾਂਚ ਮੁਕੰਮਲ; ਰਿਪੋਰਟ ਡੀ.ਜੀ.ਸੀ.ਏ. ਨੂੰ ਸੌਂਪੀ

-1600 ਤੋਂ ਵੱਧ ਉਡਾਣਾਂ ਰੱਦ ਹੋਣ ਦਾ ਮਾਮਲਾ; ਪਾਇਲਟਾਂ ਦੀ ਘਾਟ ਅਤੇ ਮਾੜੀ ਯੋਜਨਾਬੰਦੀ ‘ਤੇ ਉੱਠੇ ਸਵਾਲ
ਨਵੀਂ ਦਿੱਲੀ, 26 ਦਸੰਬਰ (ਪੰਜਾਬ ਮੇਲ)- ਇੰਡੀਗੋ ਏਅਰਲਾਈਨਜ਼ ਵਿਚ ਪਿਛਲੇ ਦਿਨੀਂ ਹੋਈਆਂ ਉਡਾਣਾਂ ਦੀਆਂ ਭਾਰੀ ਰੁਕਾਵਟਾਂ ਦੀ ਜਾਂਚ ਕਰ ਰਹੀ ਚਾਰ ਮੈਂਬਰੀ ਕਮੇਟੀ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਰਿਪੋਰਟ ਸ਼ਹਿਰੀ ਹਵਾਬਾਜ਼ੀ ਰੈਗੂਲੇਟਰ (ਡੀ.ਜੀ.ਸੀ.ਏ.) ਨੂੰ ਸੌਂਪ ਦਿੱਤੀ ਹੈ।
ਡੀ.ਜੀ.ਸੀ.ਏ. ਦੇ ਸੰਯੁਕਤ ਡਾਇਰੈਕਟਰ ਜਨਰਲ ਸੰਜੇ ਕੇ. ਬ੍ਰਾਹਮਣੇ ਦੀ ਅਗਵਾਈ ਵਾਲੀ ਇਸ ਕਮੇਟੀ ਨੇ ਉਨ੍ਹਾਂ ਹਾਲਾਤਾਂ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਹੈ, ਜਿਸ ਕਾਰਨ ਏਅਰਲਾਈਨ ਨੂੰ ਇੱਕੋ ਦਿਨ ਵਿਚ 1,600 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਸਨ।
ਰਿਪੋਰਟ ਦੀਆਂ ਕਾਪੀਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਅਤੇ ਸਕੱਤਰ ਨੂੰ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਇਸ ਸੰਕਟ ਲਈ ਜ਼ਿੰਮੇਵਾਰ ਕਾਰਕਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇੰਡੀਗੋ ਪਾਇਲਟਾਂ ਦੇ ਆਰਾਮ ਅਤੇ ਡਿਊਟੀ ਦੇ ਨਵੇਂ ਨਿਯਮਾਂ (ਐੱਫ.ਡੀ.ਟੀ.ਐੱਲ.) ਨੂੰ ਲਾਗੂ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ।
ਰੈਗੂਲੇਟਰ ਨੇ ਪਾਇਆ ਕਿ ਕੰਪਨੀ ਨੇ ਚਾਲਕ ਦਲ ਦੀ ਉਪਲਬਧਤਾ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਅਤੇ ਅਗਾਊਂ ਹਦਾਇਤਾਂ ਦੇ ਬਾਵਜੂਦ ਸਿਖਲਾਈ ਅਤੇ ਯੋਜਨਾਬੰਦੀ ਵਿਚ ਵੱਡੀਆਂ ਕਮੀਆਂ ਛੱਡੀਆਂ। ਇਸ ਕਾਰਨ ਨਵੰਬਰ ਦੇ ਅਖੀਰ ਤੋਂ ਰੋਜ਼ਾਨਾ 170-200 ਉਡਾਣਾਂ ਰੱਦ ਹੋਣ ਲੱਗੀਆਂ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ।
ਇਸ ਗੰਭੀਰ ਲਾਪ੍ਰਵਾਹੀ ਤੋਂ ਬਾਅਦ, ਡੀ.ਜੀ.ਸੀ.ਏ. ਨੇ ਇੰਡੀਗੋ ਦੇ ਸੀ.ਈ.ਓ. ਅਤੇ ਸੀ.ਓ.ਓ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ ਅਤੇ ਏਅਰਲਾਈਨ ਦੇ ਸਰਦੀਆਂ ਦੇ ਸ਼ਡਿਊਲ ਵਿਚ 10 ਫੀਸਦੀ ਦੀ ਕਟੌਤੀ ਕਰਨ ਦੇ ਨਿਰਦੇਸ਼ ਵੀ ਦਿੱਤੇ ਸਨ।