#PUNJAB

ਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਦੀ ਗਿਆਰਵੀਂ ਬਰਸੀ ਪੰਜਾਬੀ ਵਿਰਾਸਤ ਭਵਨ ਵਿਖੇ ਮਨਾਈ

ਲੁਧਿਆਣਾ, 24 ਦਸੰਬਰ (ਪੰਜਾਬ ਮੇਲ)- ਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਦੀ ਗਿਆਰਵੀਂ ਬਰਸੀ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਿਤ ਕਰਕੇ ਉਨ੍ਹਾਂ ਦੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ ਨੇ ਮਨਾਈ। ਇਸ ਸਮੇਂ ਮੁੱਖ ਤੌਰ ‘ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਪ੍ਰਗਟ ਸਿੰਘ ਗਰੇਵਾਲ, ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਇਸ ਸਮੇਂ ਬੋਲਦਿਆਂ ਦਾਖਾ, ਬਾਵਾ, ਗਰੇਵਾਲ ਧਾਲੀਵਾਲ ਅਤੇ ਜੱਸੋਵਾਲ ਨੇ ਕਿਹਾ ਕਿ ਸਵ. ਜਗਦੇਵ ਸਿੰਘ ਜੱਸੋਵਾਲ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਸਿਆਸੀ ਖੇਤਰ ਵਿਚ ਪੰਡਿਤ ਜਵਾਹਰ ਲਾਲ ਨਹਿਰੂ, ਪ੍ਰਤਾਪ ਸਿੰਘ ਕੈਰੋਂ, ਜਸਟਿਸ ਗੁਰਨਾਮ ਸਿੰਘ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਨਾਲ ਸਮੇਂ-ਸਮੇਂ ‘ਤੇ ਰਿਸ਼ਤੇ ਨਿਭਾਏ। ਹਮੇਸ਼ਾ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਵਿਚਰੇ ਅਤੇ ਉਨ੍ਹਾਂ ਦੋਸਤੀ ਦੀ ਵਿਲੱਖਣ ਤਸਵੀਰ ਉਦੋਂ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤੀ। ਜਦੋਂ ਪ੍ਰੋਫੈਸਰ ਮੋਹਨ ਸਿੰਘ ਨਾਲ ਕੀਤਾ ਵਾਅਦਾ ਨਿਭਾ ਕੇ ਉਨ੍ਹਾਂ ਦੀ ਯਾਦ ਵਿਚ 36 ਸਾਲ ਮੇਲਾ ਲਗਾਇਆ, ਜਿਸ ਦੀ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਵਿਚ ਵੱਖਰੀ ਪਹਿਚਾਣ ਹੈ। ਉਨ੍ਹਾਂ ਦੀ ਸੈਕੂਲਰ ਸੋਚ ਉਨ੍ਹਾਂ ਦੇ ਕੱਦ ਨੂੰ ਹੋਰ ਵੱਡਾ ਕਰਦੀ ਹੈ। ਉਹਨਾਂ ਕਿਹਾ ਕਿ ਜੱਸੋਵਾਲ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਮਨੁੱਖ ਦੇ ਗੁਣਾਂ ਦੀ ਕਦਰ ਕਰੀਏ। ਉਸਦੀ ਪੋਸਟ ਜਾਂ ਪੈਸੇ ਦੇ ਕੇ ਨਹੀਂ ਕਿਉਂਕਿ ਜੱਸੋਵਾਲ ਨੇ ਤਾਂ ਰਾਮ ਸਰੂਪ ਰਾਜਸਥਾਨੀ ਵਰਗੇ ਫਕੀਰਾਂ ਨੂੰ ਵੀ ਗਲੇ ਲਗਾਇਆ।
ਬਾਵਾ ਨੇ ਕਿਹਾ ਕਿ ਅੱਜ ਸਵੇਰੇ 5 ਵਜੇ ਮੈਂ ਗੁਰਭਜਨ ਸਿੰਘ ਗਿੱਲ ਦੀਆਂ ਜੱਸੋਵਾਲ ਸਾਹਿਬ ਬਾਰੇ ਲਿਖੀਆਂ ਲਾਈਨਾਂ ਪੜੀਆਂ ਤਾਂ ਵਿਲੱਖਣ ਅਨੁਭਵ ਮਹਿਸੂਸ ਹੋਇਆ ਜੋ ਪੱਖ ਸ. ਗਿੱਲ ਨੇ ਪੇਸ਼ ਕੀਤੇ ਸਨ। ਇਸ ਸਮੇਂ ਰਤਨ ਸਿੰਘ ਕਮਾਲਪੁਰੀ, ਜਗਦੀਪ ਸਿੰਘ ਗਿੱਲ, ਰਾਜਵਿੰਦਰ ਸਿੰਘ, ਜੱਬਰਜੰਗ ਸਿੰਘ ਬਰਾੜ, ਰਣਜੀਤ ਸਿੰਘ ਗਰੇਵਾਲ, ਤਰਸੇਮ ਵਰਮਾ, ਪੁਸ਼ਪਿੰਦਰ ਸਿੰਘ, ਨਵਦੀਪ ਸਿੰਘ, ਪ੍ਰੀਤਮ ਸਿੰਘ ਗਿੱਲ, ਐੱਸ.ਕੇ ਸ਼ਰਮਾ, ਬਲਵੀਰ ਸਿੰਘ ਭਾਟੀਆ ਅਤੇ ਹਰਜਿੰਦਰ ਸਿੰਘ ਬੇਰੀ ਆਦਿ ਹਾਜ਼ਰ ਸਨ।